ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਅਕਤੀ ਦੇ ਪਿੰਡ ਵਾਸੀ ਦਾ ਬਿਆਨ, 'ਉਹ ਗਲਤ ਆਦਮੀ ਤੇ ਨਕਲੀ ਨਿਹੰਗ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਇਸ ਸਾਲ ਵਿਸਾਖੀ ਮੌਕੇ ਹੀ ਅੰਮ੍ਰਿਤ ਛਕਿਆ ਸੀ। ਸ਼ੱਕੀ ਵਿਅਕਤੀ ਨੇ ਦੱਸਿਆ ਕਿ ਉਹ ਨਿਹੰਗ ਅਮਨ ਸਿੰਘ ਦੇ ਦਲ ਨਾਲ ਸਬੰਧਤ ਹੈ।

Suspect arrested from Singhu border

ਨਵੀਂ ਦਿੱਲੀ (ਹਰਜੀਤ ਕੌਰ): ਕਿਸਾਨੀ ਸੰਘਰਸ਼ ਦੇ ਚਲਦਿਆਂ ਦਿੱਲੀ ਬਾਰਡਰ ’ਤੇ ਆਏ ਦਿਨ ਸ਼ੱਕੀ ਵਿਅਕਤੀ ਫੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅੱਜ ਸਿੰਘੂ ਬਾਰਡਰ ’ਤੇ ਇਕ ਹੋਰ ਸ਼ੱਕੀ ਵਿਅਕਤੀ ਨੂੰ ਨਿਹੰਗ ਸਿੰਘਾਂ ਦੇ ਬਾਣੇ ਵਿਚ ਫੜਿਆ ਗਿਆ। ਇਸ ਵਿਅਕਤੀ ਦੇ ਪਿੰਡ ਵਾਸੀ ਨੇ  ਦੱਸਿਆ ਕਿ ਨਵੀਨ ਕੁਝ ਸਮਾਂ ਪਹਿਲਾਂ ਹੀ ਨਿਹੰਗ ਬਣਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਨਕਲੀ ਨਿਹੰਗ ਨਹੀਂ ਹੈ

ਮੌਕੇ ’ਤੇ ਪਹੁੰਚੇ ਲੱਖਾ ਸਿਧਾਣਾ ਅਤੇ ਹੋਰ ਨਿਹੰਗ ਸਿੰਘਾਂ ਨੇ ਦੱਸਿਆ ਕਿ ਇਕ ਵਿਅਕਤੀ ਆਂਡਿਆਂ ਦੀ ਰੇਹੜੀ ਲੈ ਕੇ ਜਾ ਰਿਹਾ ਸੀ ਅਤੇ ਸ਼ੱਕੀ ਵਿਅਕਤੀ ਨੇ ਦੁਕਾਨਦਾਰ ਕੋਲੋਂ ਮੁਰਗਾ ਮੰਗਿਆ। ਜਦੋਂ ਦੁਕਾਨਦਾਰ ਨੇ ਮੁਰਗਾ ਦੇਣ ਤੋਂ ਮਨਾ ਕੀਤਾ ਤਾਂ ਵਿਅਕਤੀ ਨੇ ਉਸ ਉੱਤੇ ਹਮਲਾ ਕੀਤਾ ਅਤੇ ਲੱਤ ਵੀ ਤੋੜ ਦਿੱਤੀ। ਸਥਾਨਕ ਲੋਕਾਂ ਨੇ ਸ਼ੱਕੀ ਵਿਅਕਤੀ ਨੂੰ ਪੁੱਛਗਿੱਛ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ।

ਨਿਹੰਗ ਅਮਨ ਸਿੰਘ ਦੇ ਦਲ ਨਾਲ ਸਬੰਧਤ ਹੈ ਇਹ ਵਿਅਕਤੀ

ਸ਼ੱਕੀ ਵਿਅਕਤੀ ਸਬੰਧੀ ਨਿਹੰਗ ਸਿੰਘਾਂ ਨੇ ਦੱਸਿਆ ਕਿ ਉਹਨਾਂ ਨੂੰ ਵਿਅਕਤੀ ਦੇ ਪਛਾਣ ਪੱਤਰਾਂ ਵਿਚੋਂ ਜਾਣਕਾਰੀ ਮਿਲੀ ਕਿ ਵਿਅਕਤੀ ਦਾ ਨਾਂਅ ਨਵੀਨ ਕੁਮਾਰ ਹੈ। ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਇਸ ਸਾਲ ਵਿਸਾਖੀ ਮੌਕੇ ਹੀ ਅੰਮ੍ਰਿਤ ਛਕਿਆ ਸੀ ਅਤੇ ਉਸ ਨੂੰ ਬਾਬਾ ਮਾਨ ਸਿੰਘ ਨੇ ਇੱਥੇ ਰੱਖਿਆ ਸੀ। ਵਿਅਕਤੀ ਨੇ ਦੱਸਿਆ ਕਿ ਉਹ ਬਾਅਦ ਵਿਚ ਨਿਹੰਗ ਅਮਨ ਸਿੰਘ ਦੇ ਦਲ ਵਿਚ ਸ਼ਾਮਲ ਹੋਇਆ ਸੀ। ਉਸ ਦੇ ਬਿਆਨਾਂ ਤੋਂ ਬਾਅਦ ਨਿਹੰਗ ਸਿੰਘਾਂ ਵਲੋਂ ਅਮਨ ਸਿੰਘ ਖਿਲਾਫ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਹਾਲਾਂਕਿ ਘਟਨਾ ਵਾਲੀ ਥਾਂ ’ਤੇ ਪਹੁੰਚੇ ਨਿਹੰਗ ਅਮਨ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਦੋ ਦਿਨ ਪਹਿਲਾਂ ਹੀ ਉਹਨਾਂ ਦੇ ਦਲ ਵਿਚ ਆਇਆ ਸੀ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਨਿਹੰਗ ਸਿੰਘਾਂ ਦੇ ਬਾਣੇ ਵਿਚ ਕੁਝ ਵਿਅਕਤੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਸਾਡਾ ਅਮਨ ਸਿੰਘ ਨਾਲ ਕੋਈ ਸਬੰਧ ਨਹੀਂ ਹੈ।

ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਅਕਤੀ ਦੇ ਪਿੰਡ ਵਾਸੀ ਦਾ ਬਿਆਨ

ਸ਼ੱਕੀ ਵਿਅਕਤੀ ਦੇ ਪਿੰਡ ਵਾਸੀ ਨੇ ਵੀ ਦੱਸਿਆ ਕਿ ਨਵੀਨ ਕੁਝ ਸਮਾਂ ਪਹਿਲਾਂ ਹੀ ਨਿਹੰਗ ਬਣਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਨਕਲੀ ਨਿਹੰਗ ਨਹੀਂ ਹੈ ਅਤੇ ਉਸ ਨੇ ਵਿਸਾਖੀ ਮੌਕੇ ਅੰਮ੍ਰਿਤ ਛਕਿਆ ਸੀ। ਪਿੰਡ ਵਾਸੀ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਕਿਸਾਨ ਮੋਰਚੇ ਵਿਚ ਡਟਿਆ ਹੋਇਆ ਹੈ। ਇਲਾਕੇ ਦੇ ਸਾਰੇ ਲੋਕ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ।