ਸੌਦਾ ਸਾਧ ਨੂੰ ਲੈ ਕੇ ਮਹੂਆ ਮੋਇਤਰਾ ਨੇ ਭਾਜਪਾ ਨੂੰ ਕੀਤਾ ਸਵਾਲ, ਕਿਹਾ- ਉਹ ਆਨਲਾਈਨ ਕੀ ਸਿਖਾ ਰਿਹਾ ਹੈ?
ਉਹਨਾਂ ਨੇ ਵਰਚੁਅਲ 'ਸਤਿਸੰਗ' ਵਿਚ ਸੌਦਾ ਸਾਧ ਨੂੰ 'ਪਿਤਾ ਜੀ' ਕਹਿ ਕੇ ਸੰਬੋਧਨ ਕਰਨ ਲਈ ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ ਦੀ ਨਿੰਦਾ ਕੀਤੀ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਬਲਾਤਕਾਰ ਦੇ ਦੋਸ਼ੀ ਸੌਦਾ ਸਾਧ ਨੂੰ ਪੈਰੋਲ ਦਿੱਤੇ ਜਾਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ 'ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਇਸ ਦੌਰਾਨ ਉਹਨਾਂ ਨੇ ਵਰਚੁਅਲ 'ਸਤਿਸੰਗ' ਵਿਚ ਸੌਦਾ ਸਾਧ ਨੂੰ 'ਪਿਤਾ ਜੀ' ਕਹਿ ਕੇ ਸੰਬੋਧਨ ਕਰਨ ਲਈ ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ ਦੀ ਨਿੰਦਾ ਕੀਤੀ, ਜਿਸ ਵਿਚ ਭਾਜਪਾ ਦੇ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ।
ਮਹੂਆ ਮੋਇਤਰਾ ਨੇ ਟਵੀਟ ਕਰਦਿਆਂ ਲਿਖਿਆ, “ ਕਰਨਾਲ ਦੇ ਮੇਅਰ ਨੇ ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਨੂੰ “ਪਿਤਾ ਜੀ” ਕਹਿ ਕੇ ਕਿਹਾ “ਕਰਨਾਲ ਆਓ ਅਤੇ ਇਕ ਵਾਰ ਫਿਰ ‘ਸਵੱਛਤਾ’ ਦਾ ਸੰਦੇਸ਼ ਦਿਓ ਅਤੇ ਸਾਨੂੰ ਆਸ਼ੀਰਵਾਦ ਦਿਓ”। ਭਾਜਪਾ ਨੂੰ ਚੋਣਾਂ ਜਿੱਤਣ ਲਈ ਇਸ ਬੰਦੇ ਦੀ ਲੋੜ ਹੈ? ਉਹ ਆਨਲਾਈਨ ਕੀ ਸਿਖਾ ਰਿਹਾ ਹੈ? ਬਲਾਤਕਾਰ ਕਿਵੇਂ ਕਰਨਾ ਹੈ? ਕਤਲ ਕਿਵੇਂ ਕਰਨਾ ਹੈ?”
ਇਸ ਤੋਂ ਪਹਿਲਾਂ ਉਹਨਾਂ ਨੇ ਬੀਤੇ ਦਿਨ ਟਵੀਟ ਕਰਦਿਆਂ ਕਿਹਾ ਸੀ, “ਅੱਗੇ ਕੀ! ਬਲਾਤਕਾਰੀ ਦਿਵਸ” ਨੂੰ ਕੌਮੀ ਦਿਹਾੜਾ ਐਲਾਨ ਰਹੀ ਹੈ? ਬਲਾਤਕਾਰ ਦੇ ਦੋਸ਼ੀ ਸੌਦਾ ਸਾਧ ਨੂੰ ਮੁੜ ਮਿਲੀ ਪੈਰੋਲ, ਹਰਿਆਣਾ ਭਾਜਪਾ ਦੇ ਆਗੂਆਂ ਦੀ ਦੇਖ-ਰੇਖ ’ਚ ਸੌਦਾ ਸਾਧ ਨੇ ਕੀਤਾ ‘ਸਤਿਸੰਗ’”।