ਓਡੀਸ਼ਾ 'ਚ ਮਾਲ ਗੱਡੀ ਪਟੜੀ ਤੋਂ ਉਤਰੀ, ਤਿੰਨ ਦੀ ਮੌਤ, ਸੱਤ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਭਾਗ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ

Image

 

ਜਾਜਪੁਰ - ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ਦੇ ਕੋਰੇਈ ਰੇਲਵੇ ਸਟੇਸ਼ਨ 'ਤੇ ਸੋਮਵਾਰ ਨੂੰ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ, ਅਤੇ ਪਲੇਟਫ਼ਾਰਮ ਤੇ ਵੇਟਿੰਗ ਹਾਲ ਨਾਲ ਟਕਰਾ ਗਈ, ਜਿਸ ਨਾਲ ਉਥੇ ਖੜ੍ਹੇ ਯਾਤਰੀ ਜ਼ਖਮੀ ਹੋ ਗਏ। ਇਸ ਹਾਦਸੇ 'ਚ ਘੱਟੋ-ਘੱਟ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦਕਿ ਇੱਕ ਢਾਈ ਸਾਲ ਦੇ ਬੱਚੇ ਸਮੇਤ ਸੱਤ ਹੋਰ ਜ਼ਖਮੀ ਹੋ ਗਏ। 

ਈਸਟ ਕੋਸਟ ਰੇਲਵੇ (ਈ.ਸੀ.ਓ.ਆਰ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 6.44 ਵਜੇ ਵਾਪਰੀ ਜਦੋਂ ਕੁਝ ਲੋਕ ਪਲੇਟਫਾਰਮ 'ਤੇ ਯਾਤਰੀ ਟਰੇਨ ਦੀ ਉਡੀਕ ਕਰ ਰਹੇ ਸਨ।

ਸਟੇਸ਼ਨ ਸਟਾਫ਼ ਨੇ ਦੱਸਿਆ ਕਿ 'ਲੋਕੋ ਪਾਇਲਟ' (ਟਰੇਨ ਡਰਾਈਵਰ) ਦੁਆਰਾ ਅਚਾਨਕ ਬ੍ਰੇਕ ਲਗਾਉਣ ਕਾਰਨ ਡੰਗੋਵਾਪੋਸੀ ਤੋਂ ਛਤਰਪੁਰ ਜਾ ਰਹੀ ਇੱਕ ਖਾਲੀ ਮਾਲ ਗੱਡੀ ਦੇ ਅੱਠ ਡੱਬੇ ਪਟੜੀ ਤੋਂ ਉੱਤਰ ਗਏ, ਅਤੇ ਪਲੇਟਫ਼ਾਰਮ ਤੇ ਵੇਟਿੰਗ ਹਾਲ ਨਾਲ ਟਕਰਾ ਗਏ। ਇਸ ਕਾਰਨ ਉਥੇ ਮੌਜੂਦ ਕੁਝ ਲੋਕ ਇਸ ਦੀ ਲਪੇਟ 'ਚ ਆ ਗਏ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਡੱਬਿਆਂ ਨੂੰ ਪਟੜੀ ਤੋਂ ਹਟਾ ਲਿਆ ਗਿਆ ਹੈ ਅਤੇ ਮਲਬੇ ਹੇਠਾਂ ਕਿਸੇ ਦੇ ਦੱਬੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ 7 ਵਿਅਕਤੀਆਂ 'ਚੋਂ 6 ਨੂੰ ਮੁਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮ੍ਰਿਤਕਾਂ ਦੀ ਪਛਾਣ ਪਾਰਬਤੀ ਬੰਧਨੀ, ਉਸ ਦੀ ਬੇਟੀ ਖਾਂਦਈ ਅਤੇ ਇੱਕ ਹੋਰ ਔਰਤ ਅਬਸੂਮ ਬੀਬੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਬੰਧਨੀ ਦੇ ਨਾਲ ਮੌਜੂਦ ਢਾਈ ਸਾਲ ਦਾ ਬੱਚਾ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਮੁਆਵਜ਼ੇ ਦੇ ਤੌਰ 'ਤੇ 50 ਲੱਖ ਰੁਪਏ ਜਾਂ ਇੱਕ ਮੈਂਬਰ ਨੂੰ ਰੇਲਵੇ ਵਿੱਚ ਪੱਕੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਇਸ ਵਿਚਕਾਰ, ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪੰਜ-ਪਾਂਚ ਲੱਖ ਰੁਪਏ, ਗੰਭੀਰ ਰੂਪ 'ਚ ਜ਼ਖ਼ਮੀ ਲੋਕਾਂ ਨੂੰ ਇੱਕ-ਇੱਕ ਲੱਖ ਰੁਪਏ, ਅਤੇ ਮਾਮੂਲੀ ਜ਼ਖ਼ਮੀ ਹੋਏ ਪੀੜਤਾਂ ਨੂੰ 25-25 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। 

ਇਸ ਹਾਦਸੇ ਨਾਲ ਹਾਵੜਾ-ਚੇਨਈ ਮਾਰਗ 'ਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਕਿਉਂਕਿ ਹਾਦਸੇ ਕਾਰਨ ਦੋਵੇਂ ਲਾਈਨਾਂ ਬੰਦ ਹੋ ਗਈਆਂ ਸਨ। ਵਿਭਾਗ ਨੇ ਅੱਠ ਰੇਲਗੱਡੀਆਂ ਰੱਦ ਕੀਤੀਆਂ ਹਨ, ਜਿਸ ਨਾਲ ਹੋਰ ਪੰਜ ਰੇਲਗੱਡੀਆਂ ਦੇ ਯਾਤਰੀਆਂ ਨੂੰ ਕਿਸੇ ਹੋਰ ਟਰੇਨ ਵਿੱਚ ਯਾਤਰਾ ਕਰਨ, ਜਾਂ ਰਿਫ਼ੰਡ ਲੈਣ ਦਾ ਵਿਕਲਪ ਦਿੱਤਾ ਗਿਆ ਹੈ। 12 ਰੇਲਗੱਡੀਆਂ ਦੇ ਰੂਟ ਬਦਲੇ ਗਏ ਹਨ।

ਮਦਦ ਲਈ ਵਿਭਾਗ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ 8455889905 (ਕੋਰੀ ਸਟੇਸ਼ਨ), 0674-2534027 (ਭੁਵਨੇਸ਼ਵਰ) ਅਤੇ 0674-2492245 (ਖੁਰਦਾ ਰੋਡ) ਜਾਰੀ ਕੀਤੇ ਹਨ।