ਬਲਾਤਕਾਰੀਆਂ ਅਤੇ ਕਾਤਲਾਂ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ - ਭਾਜਪਾ ਵਿਧਾਇਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਜੇਕਰ ਭਵਿੱਖ 'ਚ ਕਦੇ ਮੌਕਾ ਮਿਲਿਆ, ਤਾਂ ਕਨੂੰਨ ਹੀ ਬਣਾ ਦਿਆਂਗਾ

Image

 

ਇੰਦੌਰ - ਇੰਦੌਰ ਦੇ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀਆ ਨੇ ਇੱਕ ਅਜੀਬੋ-ਗਰੀਬ ਬਿਆਨ ਦੇ ਕੇ ਵਿਵਾਦ ਛੇੜ ਦਿੱਤਾ ਹੈ। ਆਕਾਸ਼ ਨੇ ਕਿਹਾ ਹੈ ਕਿ ਕਾਤਲਾਂ ਅਤੇ ਬਲਾਤਕਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਇਹ ਉਸ ਦਾ ਨਿੱਜੀ ਵਿਚਾਰ ਹੈ ਕਿ ਜੇਕਰ ਉਨ੍ਹਾਂ ਨੂੰ ਭਵਿੱਖ ਵਿੱਚ ਮੌਕਾ ਮਿਲਿਆ, ਤਾਂ ਉਹ ਇਸ ਸੰਬੰਧੀ ਕਨੂੰਨ ਬਣਾਉਣਗੇ।

ਆਕਾਸ਼ (38) ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦਾ ਪੁੱਤਰ ਹੈ, ਅਤੇ ਸ਼ਹਿਰ ਵਿੱਚ ਫੁੱਲਾਂ ਦੇ ਬਾਗਬਾਨ ਭਾਈਚਾਰੇ ਦੀਆਂ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਵਿੱਚ ਇਹ ਬਿਆਨ ਦਿੱਤਾ। ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਆਕਾਸ਼ ਨੇ ਸਮਾਰੋਹ ਵਿੱਚ ਕਿਹਾ, "ਜਿਵੇਂ ਇੱਕ ਬੱਚਾ (ਵਿਅਕਤੀ) ਬਲਾਤਕਾਰ ਕਰਦਾ ਹੈ, ਮੈਨੂੰ ਲੱਗਦਾ ਹੈ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਉਸ ਦੇ ਮਾਤਾ-ਪਿਤਾ ਨੂੰ ਵੀ ਇੱਕ ਜਾਂ ਦੋ ਸਾਲ ਦੀ ਸਜ਼ਾ ਮਿਲਣੀ ਚਾਹੀਦੀ ਹੈ।"

ਭਾਜਪਾ ਵਿਧਾਇਕ ਨੇ ਇਸੇ ਤਰਜ਼ 'ਤੇ ਕਿਹਾ ਕਿ ਕਤਲ ਦੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਉਸ ਦੇ ਮਾਪਿਆਂ ਨੂੰ ਵੀ ਦੋ-ਤਿੰਨ ਸਾਲ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੇ ਕਿਹਾ, "ਮੇਰੀ ਸੋਚ ਰਹਿੰਦੀ ਹੈ ਕਿ ਜੇਕਰ ਭਵਿੱਖ 'ਚ ਮੈਨੂੰ ਕਦੇ ਮੌਕਾ ਮਿਲਿਆ, ਤਾਂ ਮੈਂ ਕਨੂੰਨ ਹੀ ਬਣਾ ਦਿਆਂਗਾ।"

ਆਕਾਸ਼ ਨੇ ਕਿਹਾ ਕਿ ਕਈ ਮਾਪੇ ਆਪਣੇ ਸੁਪਨੇ ਸਾਕਾਰ ਕਰਨ ਦੇ ਚੱਕਰ 'ਚ ਬੱਚਿਆਂ 'ਤੇ ਧਿਆਨ ਦੇਣਾ ਘੱਟ ਕਰ ਦਿੰਦੇ ਹਨ, ਤੇ ਇੱਥੋਂ ਹੀ ਗੜਬੜੀ ਸ਼ੁਰੂ ਹੁੰਦੀ ਹੈ। ਉਸ ਨੇ ਕਿਹਾ, ''ਅਸੀਂ ਬੱਚਿਆਂ ਨੂੰ ਸਿਰਫ਼ ਜਨਮ ਦੇ ਕੇ ਛੱਡ ਦੇਈਏ, ਇਹ ਚੰਗੀ ਗੱਲ ਨਹੀਂ। ਜੇਕਰ ਮਾਂ-ਬਾਪ ਨੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਉਸ ਨੂੰ ਜ਼ਿੰਮੇਵਾਰ ਨਾਗਰਿਕ, ਚਰਿੱਤਰਵਾਨ ਅਤੇ ਸੰਸਕਾਰੀ ਬਣਾਉਣਾ ਵੀ ਮਾਪਿਆਂ ਦੀ ਜ਼ਿੰਮੇਵਾਰੀ ਹੈ।"

ਬਲਾਤਕਾਰੀਆਂ ਤੇ ਕਾਤਲਾਂ ਦੇ ਨਾਲ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਸਜ਼ਾ ਦੇਣ ਦੇ ਸੁਝਾਅ ਪਿੱਛੇ ਤਰਕ ਨੂੰ ਸਮਝਾਉਣ ਲਈ ਜਦੋਂ ਮੀਡੀਆ ਨੇ ਸਵਾਲ ਕੀਤਾ ਤਾਂ ਉਸ ਨੇ ਕਿਹਾ,  ''ਜੇਕਰ ਕੋਈ ਬੱਚਾ ਚੰਗਾ ਕੰਮ ਕਰਦਾ ਹੈ ਤਾਂ ਇਸ ਦਾ ਸਿਹਰਾ ਉਸ ਦੇ ਪਿਤਾ ਨੂੰ ਜਾਣਾ ਚਾਹੀਦਾ ਹੈ। ਇਸ ਦੇ ਉਲਟ, ਜੇਕਰ ਕੋਈ ਬੱਚਾ ਗਲਤ ਕੰਮ ਕਰਦਾ ਹੈ ਤਾਂ ਮੇਰੀ ਨਿੱਜੀ ਰਾਏ ਹੈ ਕਿ ਇਸ ਲਈ ਉਸ ਦੇ ਮਾਤਾ-ਪਿਤਾ ਵੀ ਜ਼ਿੰਮੇਵਾਰ ਹੁੰਦੇ ਹਨ।"