ਦਲਿਤ ਮਹਿਲਾ ਨੇ ਪਾਣੀ ਪੀਤਾ ਤਾਂ ਗਊ ਮੂਤਰ ਨਾਲ ਹੋਈ ਟੈਂਕੀ ਦੀ ਸਫ਼ਾਈ, ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਘਟਨਾ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਦੀ ਕਾਫੀ ਆਲੋਚਨਾ ਹੋਈ

Tank ‘purified’ after Dalit woman drinks water from it

 

ਬੰਗਲੁਰੂ: ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਵਿਚ ਕੁਝ ਪਿੰਡ ਵਾਸੀਆਂ ਨੇ ਕਥਿਤ ਤੌਰ 'ਤੇ ਇਕ ਦਲਿਤ ਔਰਤ ਵੱਲੋਂ ਜਨਤਕ ਟੈਂਕ ਤੋਂ ਪਾਣੀ ਪੀਣ ਮਗਰੋਂ ਟੈਂਕ ਨੂੰ ਗਊ ਮੂਤਰ ਨਾਲ ਸਾਫ ਕੀਤਾ। ਕਰਨਾਟਕ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਹੇਗਗੋਰਾ ਪਿੰਡ 'ਚ ਵਾਪਰੀ, ਜਿੱਥੇ ਲਿੰਗਾਇਤ ਭਾਈਚਾਰੇ ਦੇ ਲੋਕ ਕਥਿਤ ਤੌਰ 'ਤੇ ਦਲਿਤ ਔਰਤ ਵੱਲੋਂ ਜਨਤਕ ਟੈਂਕੀ ਤੋਂ ਪਾਣੀ ਪੀਣ ਤੋਂ ਭੜਕ ਗਏ ਸਨ।

ਇਸ ਘਟਨਾ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਦੀ ਕਾਫੀ ਆਲੋਚਨਾ ਹੋਈ। ਚਮਰਾਜਨਗਰ ਦਿਹਾਤੀ ਪੁਲਿਸ ਨੇ ਘਟਨਾ ਤੋਂ ਬਾਅਦ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਸੋਧ ਐਕਟ 2015 ਦੀ ਧਾਰਾ 3(1)(ਏ) ਤਹਿਤ ਮਾਮਲਾ ਦਰਜ ਕੀਤਾ ਹੈ।

ਪਿੰਡ ਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਦਲਿਤ ਔਰਤ ਸ਼ਿਵੰਮਾ ਪਿੰਡ ਹੇਗਗੋੜਾ ਵਿਚ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਆਈ ਹੋਈ ਸੀ ਤਾਂ ਦੁਪਹਿਰ ਕਰੀਬ 1 ਵਜੇ ਉਹ ਕ੍ਰਿਸ਼ਨਾਦੇਵਰਾਯਾ ਮੰਦਰ ਦੇ ਕੋਲ ਇਕ ਟੈਂਕੀ ਕੋਲ ਪਾਣੀ ਪੀਣ ਲਈ ਗਈ। ਪਿੰਡ ਦੇ ਲਿੰਗਾਇਤ ਨੇਤਾ ਮਹਾਦੇਵੱਪਾ ਨੇ ਕਥਿਤ ਤੌਰ 'ਤੇ ਉਸ ਨਾਲ ਇਹ ਕਹਿ ਕੇ ਦੁਰਵਿਵਹਾਰ ਕੀਤਾ ਕਿ ਉਹ ਨੀਵੀਂ ਜਾਤ ਨਾਲ ਸਬੰਧਤ ਹੈ ਅਤੇ ਉਸ ਨੂੰ ਟੈਂਕੀ ਤੋਂ ਪਾਣੀ ਨਹੀਂ ਪੀਣਾ ਚਾਹੀਦਾ ਸੀ। ਚਾਮਰਾਜਨਗਰ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਵੀ ਸੋਮੰਨਾ ਨੇ ਕਿਹਾ ਕਿ ਉਹ ਅਜਿਹੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਲਿਤ ਔਰਤ ਨਾਲ ਹੋਏ ਇਸ ਰਵੱਈਏ ਦੀ ਕਾਫੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਐਤਵਾਰ ਨੂੰ ਸਮਾਜ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕਰਕੇ ਪਿੰਡ ਦੇ 20 ਦੇ ਕਰੀਬ ਦਲਿਤ ਲੋਕਾਂ ਨੂੰ ਇਲਾਕੇ ਦੀਆਂ ਸਾਰੀਆਂ ਜਨਤਕ ਟੂਟੀਆਂ ਤੋਂ ਪਾਣੀ ਪੀਣ ਲਈ ਕਿਹਾ। ਤਹਿਸੀਲਦਾਰ ਆਈਈ ਬਸਵਰਾਜੂ ਨੇ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।