ਔਰਤਾਂ ਦੀ ਸਿਹਤ ਚਿੰਤਾ ਦਾ ਵਿਸ਼ਾ, ਉਤਰ ਭਾਰਤ 'ਚ ਚੰਡੀਗੜ੍ਹ ਦੀਆਂ ਔਰਤਾਂ ਸੱਭ ਤੋਂ ਮੋਟੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾ. ਪਾਲ ਨੇ ਕਿਹਾ ਕਿ ਦੇਸ਼ ਦੀ ਅੱਧੀ ਅਬਾਦੀ ਮੰਨੀ ਜਾਣ ਵਾਲੀ ਔਰਤ ਦੀ ਸਿਹਤ ਚਿੰਤਾ ਦਾ ਵਿਸ਼ਾ ਹੈ, 60 ਫ਼ੀ ਸਦੀ ਔਰਤਾਂ ਵਿਚ ਹੀਮੋਗਲੋਬੀਨ ਦੀ ਕਮੀ ਹੈ।

Obesity in women

ਚੰਡੀਗੜ੍ਹ, ( ਸ.ਸ.ਸ.) : ਚੰਡੀਗੜ੍ਹ ਦੀਆਂ ਔਰਤਾਂ ਉਤਰ ਭਾਰਤ ਵਿਚ ਸੱਭ ਤੋਂ ਵੱਧ ਮੋਟਾਪੇ ਦਾ ਸ਼ਿਕਾਰ ਹਨ। ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਣ ਚੰਡੀਗੜ੍ਹ ਵਿਚ 41 ਫ਼ੀ ਸਦੀ, ਪੰਜਾਬ ਵਿਚ 31 ਫ਼ੀ ਸਦੀ ਅਤੇ ਹਰਿਆਣਾ ਵਿਚ 21 ਫ਼ੀ ਸਦੀ ਔਰਤਾਂ ਵਿਚ ਮੋਟਾਪੇ ਦੀ ਸਮੱਸਿਆ ਹੈ। ਇਹਨਾਂ ਅੰਕੜਿਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਡਾ.ਐਸਐਸਬੀ ਯੂਆਈਸੀਈਟੀ ਆਡੀਟੋਰੀਅਮ ਵਿਚ ਨੀਤੀ ਆਯੋਗ ਦੇ ਮੈਂਬਰ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਬੋਰਡ ਆਫ਼ ਗਵਰਨਰਸ ਦੇ ਚੇਅਰਮੈਨ ਪ੍ਰੋਫੈਸਰ ਵਿਨੋਦ ਪਾਲ ਨੇ ਸਾਂਝਾ ਕੀਤਾ।

ਡਾ. ਪਾਲ ਨੇ ਕਿਹਾ ਕਿ ਦੇਸ਼ ਦੀ ਅੱਧੀ ਅਬਾਦੀ ਮੰਨੀ ਜਾਣ ਵਾਲੀ ਔਰਤ ਦੀ ਸਿਹਤ ਚਿੰਤਾ ਦਾ ਵਿਸ਼ਾ ਹੈ, 60 ਫ਼ੀ ਸਦੀ ਔਰਤਾਂ ਅਤੇ 30 ਫ਼ੀ ਸਦੀ ਪੁਰਸ਼ਾ ਵਿਚ ਹੀਮੋਗਲੋਬੀਨ ਦੀ ਕਮੀ ਹੈ। ਜਿਸ ਨਾਲ ਦੌਰੇ ਪੈਣਾ, ਲੱਤਾਂ ਵਿਚ ਦਰਦ, ਛੇਤੀ ਠੰਡ ਲਗਣਾ, ਵਾਲਾਂ ਦਾ ਡਿੱਗਣਾ ਅਤੇ ਨੌਹਾਂ ਦਾ ਟੁੱਟਣਾ ਅਦਿ ਸਮੱਸਿਆਵਾਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਸ ਦੇ ਲਈ ਨਿਯਮਤ ਜਾਂਚ ਅਤੇ ਦਵਾਈ ਜਰੂਰੀ ਹੈ। ਚੰਡੀਗੜ੍ਹ ਵਿਖੇ ਹੋਏ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੱਸਿਆ ਕਿ ਲਗਭਗ 45 ਫ਼ੀ ਸਦੀ ਲੜਕੇ-ਲੜਕੀਆਂ ਵਿਚ ਮਨੋਵਿਗਿਆਨਕ ਸਮੱਸਿਆਵਾਂ ਪਾਈਆਂ ਗਈਆਂ ਹਨ।

ਲਗਭਗ ਢਾਈ ਹਜ਼ਾਰ ਵਿਦਿਆਰਥੀਆਂ 'ਤੇ ਕੀਤੇ ਗਏ ਇਸ ਸਰਵੇਖਣ ਦਾ ਨਤੀਜਾ ਦੱਸਦਾ ਹੈ ਕਿ 6 ਫ਼ੀ ਸਦੀ ਵਿਦਿਆਰਥੀਆਂ ਨੂੰ ਖ਼ੁਦਕੁਸ਼ੀ ਦਾ ਖਿਆਲ ਆਉਂਦਾ ਹੈ ਅਤੇ 0.39 ਫ਼ੀ ਸਦੀ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਇਸ ਤਣਾਅ ਦਾ ਸੱਭ ਤੋਂ ਵੱਡਾ ਕਾਰਨ ਪੜ੍ਹਾਈ ਦਾ ਬੋਝ, ਮਾਂ ਦਾ ਕੰਮਕਾਜੀ ਹੋਣਾ, ਸੁਸਾਇਟੀ ਦਾ ਦਬਾਅ, ਭਵਿੱਖ ਦੀ ਚਿੰਤਾ ਅਤੇ ਮਾਤਾ-ਪਿਤਾ ਨਾਲ ਰਿਸ਼ਤਾ ਹੈ।

ਯੂਜੀਸੀ ਦੀ ਰੀਪੋਰਟ ਦੱਸਦੀ ਹੈ ਕਿ 18 ਤੋਂ 30 ਸਾਲ ਦੀ ਉਮਰ ਦੇ 9 ਫ਼ੀ ਸਦੀ ਨੌਜਵਾਨ ਤਣਾਅ ਦਾ ਸ਼ਿਕਾਰ ਹਨ। ਉਹਨਾਂ ਇਸ ਦੇ ਲਈ ਪਰਵਾਰਾਂ ਨੂੰ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਕੁਝ ਨੁਕਤੇ ਵੀ ਦੱਸੇ।  ਚੰਡੀਗੜ੍ਹ ਦੀਆਂ 41.4 ਫ਼ੀ ਸਦੀ ਔਰਤਾਂ ਅਤੇ ਇਕ ਤਿਹਾਈ ਪੁਰਸ਼ ਮੋਟਾਪੇ ਦੇ ਸ਼ਿਕਾਰ ਹਨ। 10 ਫ਼ੀ ਸਦੀ ਔਰਤਾਂ ਅਤੇ 13 ਫ਼ੀ ਸਦੀ ਪੁਰਸ਼ ਹਾਈਪਰਟੈਂਸ਼ਨ ਦੇ ਸ਼ਿਕਾਰ ਹਨ।