CAA ਦੇ ਵਿਰੋਧ ‘ਤੇ ਬੋਲੇ ਭਾਜਪਾ ਆਗੂ-‘ਦਵਾ ਛਿੜਕਣ ‘ਤੇ ਕੀੜੇ ਬਾਹਰ ਆ ਕੇ ਬਿਲਬਿਲਾਉਣ ਲੱਗੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿਚ ਦੇਸ਼ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ।

BJP leader Pradipsinh Vaghela

ਗੁਜਰਾਤ: ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿਚ ਦੇਸ਼ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦੌਰਾਨ ਗੁਜਰਾਤ ਭਾਜਪਾ ਦੇ ਸੈਕਟਰੀ ਪ੍ਰਦੀਪ ਸਿੰਘ ਵਾਘੇਲਾ ਨੇ ਇਕ ਵਿਵਾਦਤ ਟਵੀਟ ਕੀਤਾ ਹੈ। ਟਵੀਟ ਵਿਚ ਉਹਨਾਂ ਨੇ ਲਿਖਿਆ ਹੈ ‘ਦਵਾ ਛਿੜਕਣ ‘ਤੇ ਕੀੜੇ ਬਾਹਰ ਆ ਕੇ ਬਿਲਬਿਲਾਉਣ ਲੱਗੇ ਤਾਂ ਇਸ ਦਾ ਮਤਲਬ ਸਾਫ ਹੈ ਕਿ ਦਵਾ ਬਿਲਕੁਲ ਸਹੀ ਹੈ’।

 


 

ਉਹਨਾਂ ਦੇ ਇਸ ਟਵੀਟ ‘ਤੇ ਕਾਫੀ ਰਿਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਇਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿਚ ਲਿਖਿਆ-‘ਤੁਹਾਨੂੰ ਇਸ ਪੋਸਟ ਲਈ ਭਾਰਤ ਰਤਨ ਦੇਣ ਦੀ ਗੱਲ ਮੈਂ ਸੰਸਦ ਵਿਚ ਕਰਾਂਗਾ’। ਹਾਲਾਂਕਿ ਬਾਅਦ ਵਿਚ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਬੀਤੇ ਵੀਰਵਾਰ ਨੂੰ ਵੀ ਦੇਸ਼ ਦੇ ਮੁੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤਾ ਗਿਆ।

 


 

ਲਖਨਊ ਵਿਚ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਅਤੇ ਇੱਥੇ ਇਕ ਵਿਅਕਤੀ ਦੀ ਮੌਤ ਹੋ ਗਈ। ਲਖਨਊ ਵਿਚ ਧਾਰਾ 144 ਲਾਗੂ ਹੈ ਅਤੇ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੰਗਲੁਰੂ ਦੇ ਕਰੀਬ 30 ਪੱਤਰਕਾਰਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਾ ਹੋਣ ‘ਤੇ ਹਿਰਾਸਤ ਵਿਚ ਲੈ ਲਿਆ।

 


 

ਸ਼ੁੱਕਰਵਾਰ ਸਵੇਰੇ ਮੰਗਲੁਰੂ ਪੁਲਿਸ ਕਮਿਸ਼ਨਰ ਨੇ ਦਫਤਰ ਵਿਚੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਕੁਝ ਲੋਕਾਂ ਨੂੰ ਮਾਨਤਾ ਪ੍ਰਾਪਤ ਨਹੀਂ ਹੈ। ਉਹ ਲੋਕ ਕਿਸੇ ਮੀਡੀਆ ਸੰਸਥਾ ਨਾਲ ਨਹੀਂ ਜੁੜੇ ਹਨ ਅਤੇ ਉਹਨਾਂ ਦੀ ਰਿਪੋਰਟਿੰਗ ਸਵਾਲਾਂ ਦੇ ਘੇਰੇ ਵਿਚ ਹੈ।