ਨਾਗਰਿਕਤਾ ਸੋਧ ਕਾਨੂੰਨ ਸਬੰਧੀ ਨਿਤੀਸ਼ ਕੁਮਾਰ ਦਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ 'ਚ ਲਾਗੂ ਨਹੀਂ ਹੋਵੇਗਾ ਨਾਗਰਿਕਤਾ ਸੋਧ ਕਾਨੂੰਨ

file photo

ਪਟਨਾ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿੱਥੇ ਦੇਸ਼ ਅੰਦਰ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ, ਉਥੇ ਸੱਤਾਧਾਰੀ ਧਿਰ ਦੀਆਂ ਸਹਿਯੋਗੀ ਪਾਰਟੀਆਂ ਵੀ ਵਕਤ ਦੀ ਨਜ਼ਾਕਤ ਨੂੰ ਵੇਖਦਿਆਂ ਪਾਲਾ ਬਦਲਣ ਦੇ ਰੌਂਅ 'ਚ ਜਾਪ ਰਹੀਆਂ ਹਨ। ਕੁੱਝ ਦਿਨ ਪਹਿਲਾਂ ਪੰਜਾਬ ਵਿਚਲੀ ਭਾਜਪਾ ਦੀ ਮੁੱਖ ਸਹਿਯੋਗੀ ਪਾਰਟੀ ਦੇ ਸੀਨੀਅਰ ਆਗੂ ਨੇ ਵੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਅਪਣੀ ਰਾਇ ਜੱਗ ਜਾਹਰ ਕੀਤੀ ਸੀ। ਇਸੇ ਲਾਈਨ ਵਿਚ ਹੋਰ ਵੀ ਅਨੇਕਾਂ ਆਗੂ ਖੜ੍ਹੇ ਨਜ਼ਰ ਆ ਰਹੇ ਹਨ।

ਇਸੇ ਦੌਰਾਨ ਬਿਹਾਰ 'ਚ ਸੱਤਾਧਾਰੀ ਧਿਰ ਦੀ ਸਹਿਯੋਗੀ ਪਾਰਟੀ ਦੇ ਆਗੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਨਾਗਰਿਕਤਾ ਕਾਨੂੰਨ ਖਿਲਾਫ਼ ਖੁਲ੍ਹ ਕੇ ਬੋਲਣਾ ਸ਼ੁਰੂ ਕਰ ਦਿਤਾ ਹੈ। ਇੱਥੇ ਹੀ ਬੱਸ ਨਹੀਂ, ਨਿਤੀਸ਼ ਕੁਮਾਰ ਨੇ ਤਾਂ ਬਿਹਾਰ ਅੰਦਰ ਕਾਨੂੰਨ ਨੂੰ ਲਾਗੂ ਕਰਨ ਤੋਂ ਵੀ ਇਨਕਾਰ ਕਰ ਦਿਤਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਨੂੰ ਸਦਨ ਵਿਚ ਸਮਰਥਨ ਦੇਣ ਦੇ ਮਾਮਲੇ ਵਿਚ ਵੀ ਜਨਤਾ ਦਲ (ਯੂ) ਨੂੰ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਸਾਡੇ ਹੁੰਦਿਆਂ ਘੱਟ ਗਿਣਤੀਆਂ ਨਾਲ ਵਿਤਕਰਾ ਨਹੀਂ ਹੋ ਸਕਦਾ। ਨਿਤੀਸ਼ ਨੇ ਕਿਹਾ ਕਿ ਜਿਹੜੇ ਲੋਕ ਸਾਡੇ 'ਤੇ ਘੱਟ ਗਿਣਤੀਆਂ ਦੇ ਵਿਰੁਧ ਹੋਣ ਦਾ ਦੋਸ਼ ਲਾ ਰਹੇ ਹਨ, ਉਨ੍ਹਾਂ ਦੇ ਰਾਜ ਵਿਚ ਘੱਟ ਗਿਣਤੀਆਂ ਨੂੰ ਕਿਹੜੀਆਂ ਸਹੂਲਤਾਂ ਦਿਤੀਆਂ ਗਈਆਂ ਸਨ। ਜਦਕਿ ਅਸੀਂ ਸਾਰੇ ਵਰਗਾਂ ਦਾ ਬਰਾਬਰ ਧਿਆਨ ਰੱਖ ਰਹੇ ਹਾਂ।

ਕਾਬਲੇਗੌਰ ਹੈ ਕਿ ਦੇਸ਼ ਭਰ ਅੰਦਰ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਦਿੱਲੀ ਦੀ ਜਾਮਾ ਮਸਜਿਦ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਹੱਥਾਂ 'ਚ ਤਿਰੰਗਾ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਉਤਰ ਪ੍ਰਦੇਸ਼ ਦੇ ਕਾਨਪੁਰ, ਫਿਰੋਜ਼ਾਬਾਦ ਅਤੇ ਬਹਰਾਈਚ ਵਿਖੇ ਵੀ ਪ੍ਰਦਰਸ਼ਨ ਹੋਇਆ ਹੈ। ਉਥੇ ਹੀ, ਫ਼ਿਰੋਜ਼ਾਬਾਦ 'ਚ ਧਾਰਮਕ ਸਥਾਨ ਤੋਂ  ਇਬਾਦਤ ਕਰ ਕੇ ਨਿਕਲੇ ਲੋਕਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਤੋਂ ਇਲਾਵਾ ਗੋਰਖਪੁਰ ਅਤੇ ਹਾਪੁੜ ਜ਼ਿਲ੍ਹੇ ਵਿਚ ਵੀ ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ ਹਨ। ਅਮਰੋਹਾ 'ਚ ਭੜਕੀ ਭੀੜ ਨੇ ਪੁਲਿਸ 'ਤੇ ਪੱਥਰ ਸੁੱਟੇ। ਬੁਲੰਦ ਸ਼ਹਿਰ ਵਿਚ ਵੀ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ 'ਤੇ ਪੱਥਰ ਸੁੱਟੇ ਅਤੇ ਭੰਨਤੋੜ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੀਆਂ ਖ਼ਬਰਾਂ ਆਈਆਂ ਹਨ।