ਨੀਤਾ ਅੰਬਾਨੀ ਦੇ ਨਾਮ ਵਾਲੇ ਨਕਲੀ ਅਕਾਊਂਟ ਬਣਾ ਕੇ ਫੈਲਾਇਆ ਜਾ ਰਿਹਾ ਹੈ ਝੂਠ - ਰਿਲਾਇੰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਕਾਨੂੰਨ ਵਿਰੁੱਧ ਹੋ ਰਹੇ ਪ੍ਰਦਰਸ਼ਨ

Photo

ਨਵੀਂ ਦਿੱਲੀ :  ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਭਰ ਵਿਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸੀਏਏ ਅਤੇ ਸੰਭਾਵਤ ਐਨਆਰਸੀ ਦੇ ਵਿਰੁੱਧ ਕਈ ਥਾਵਾਂ ਤੇ' ਲੋਕ ਸ਼ਾਂਤੀ ਪੂਰਨ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਈ ਜਗ੍ਹਾਂ 'ਤੇ ਇਸ ਨੇ ਹਿੰਸਕ ਮੋੜ ਵੀ ਲੈ ਲਿਆ ਹੈ। ਇਨ੍ਹਾਂ ਪ੍ਰਦਰਸ਼ਨਾ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਫੇਕ ਸੰਦੇਸ਼ ਵਾਇਰਲ ਹੋ ਰਹੇ ਹਨ।

ਇਸੇ ਕੜੀ ਵਿਚ ਰਿਲਾਇੰਸ ਇੰਡਸਟਰੀਜ਼ ਦੇ ਮੁੱਖੀ ਮੁਕੇਸ਼ ਅੰਬਾਨੀ ਦੀ ਪਤਨੀ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਦੇ ਨਾਮ ਤੋਂ ਵੀ ਕਈ ਟਵੀਟ ਵਾਇਰਲ ਹੋ ਰਹੇ ਹਨ। ਹਾਲਾਕਿ ਇਹ ਸਾਰੇ ਟਵੀਟ ਫੇਕ ਹਨ। ਦਰਅਸਲ ਰਿਲਾਇੰਸ ਵੱਲੋਂ ਕਿਹਾ ਗਿਆ ਹੈ ਕਿ ਨੀਤਾ ਅੰਬਾਨੀ ਦਾ ਆਪਣਾ ਕੋਈ ਟਵੀਟਰ ਅਕਾਊਂਟ ਨਹੀਂ ਹੈ ਅਤੇ ਉਨ੍ਹਾਂ ਦੀ ਸ਼ਿਕਾਇਤ 'ਤੇ ਟਵੀਟਰ ਨੇ ਇਹ ਫੇਕ ਅਕਾਊਂਟ ਬਲੋਕ ਕਰ ਦਿੱਤੇ ਹਨ।

ਰਿਲਾਇੰਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਨੀਤਾ ਅੰਬਾਨੀ ਦੇ ਨਾਮ ਤੋਂ ਵਾਇਰਲ ਹੋਏ ਟਵੀਟ ਨਕਲੀ ਹਨ। ਇਸ ਵਿਚ ਕਿਹਾ ਗਿਆ ਹੈ ਕਿ ''ਨੀਤਾ ਅੰਬਾਨੀ ਦੇ ਨਾਮ ਤੋਂ ਸ਼ੁਰੂ ਕੀਤੇ ਗਏ ਫੇਕ ਅਕਾਊਂਟ ਤੋਂ ਕਈ ਟਵੀਟ ਕੀਤੇ ਗਏ ਹਨ। ਹਾਲਾਕਿ ਅਸੀ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾ ਕਿ ਨੀਤਾ ਅੰਬਾਨੀ ਦਾ ਆਪਣਾ ਕੋਈ ਅਧਿਕਾਰਕ ਟਵੀਟਰ ਅਕਾਊਂਟ ਨਹੀਂ ਹੈ ਅਤੇ ਉਨ੍ਹਾਂ ਦੇ ਨਾਮ ਜਾਂ ਫੋਟੋ ਦੇ ਨਾਲ ਚੱਲ ਰਹੇ ਟਵੀਟਰ ਅਕਾਊਂਟ ਨਕਲੀ ਹਨ 'ਤੇ ਉਨ੍ਹਾਂ ਟਵੀਟਰ ਅਕਾਊਂਟਜ਼ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ''। ਇਸ ਦੇ ਨਾਲ ਹੀ ਇਸ ਵਿਚ ਕਿਹਾ ਗਿਆ ਹੈ ਕਿ ਲੋਕਾ ਨੂੰ ਅਪੀਲ ਹੈ ਕਿ ਅਜਿਹੇ ਕਿਸੇ ਵੀ ਫੇਕ ਟਵੀਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਤੋਂ ਸਾਵਧਾਨ ਰਹਿਣ।

 ਦੱਸ ਦਈਏ ਕਿ ਸੋਧ ਕੀਤੇ ਗਏ ਨਾਗਰਿਕਤਾ ਕਾਨੂੰਨ ਵਿਰੁੱਧ ਕਈ ਤਰ੍ਹਾਂ ਦੇ ਫੇਕ ਸੰਦੇਸ਼ ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਹਨ ਜਿਸ ਤੋਂ ਸਰਕਾਰ ਨੇ ਵੀ ਸੁਚੇਤ ਰਹਿਣ ਲਈ ਕਿਹਾ ਹੈ।