CAA ਵਿਰੋਧ ‘ਤੇ ਵਾਇਰਲ ਹੋ ਰਿਹਾ ਨੌਜਵਾਨ ਦਾ ਵੀਡੀਓ
‘ਤੁਮ ਗੋਲੀਓਂ ਸੇ ਹਮੇਂ ਮਾਰ ਜ਼ਰੂਰ ਸਕਤੇ ਹੋ ਲੇਕਿਨ ਗੋਲੀਓਂ ਸੇ ਹਮ ਮਰ ਜਾਏਂ ਐਸਾ ਜ਼ਰੂਰੀ ਨਹੀਂ...’
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨ ਹੋ ਰਹੇ ਹਨ। ਕਈ ਥਾਵਾਂ ‘ਤੇ ਇਸ ਪ੍ਰਦਰਸ਼ਨ ਵਿਚ ਜ਼ਬਰਦਸਤ ਹਿੰਸਾ ਦੇਖਣ ਨੂੰ ਮਿਲ ਚੁੱਕੀ ਹੈ। ਪਰ ਅਜਿਹਾ ਨਹੀਂ ਹੈ ਕਿ ਜਿੱਥੇ ਕਿਤੇ ਵੀ ਇਸ ਕਾਨੂੰਨ ਖਿਲਾਫ ਪ੍ਰਦਰਸ਼ਨ ਹੋਏ ਹਨ, ਸਾਰੀਆਂ ਥਾਵਾਂ ‘ਤੇ ਹੀ ਹਿੰਸਾ ਹੋਈ ਹੈ।
ਦਿੱਲੀ ਦੇ ਜੰਤਰ-ਮੰਤਰ ‘ਤੇ ਜੁਟੇ ਕੁਝ ਪ੍ਰਦਰਸ਼ਨਕਾਰੀਆਂ ਨੇ ਵੱਖ ਵੱਖ ਅੰਦਾਜ਼ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅਪਣਾ ਵਿਰੋਧ ਜਤਾਇਆ। ਜਿੱਥੇ ਇਕ ਪਾਸੇ ਭੀੜ ਦੇ ਹੱਥਾਂ ਵਿਚ ਤਖਤੀਆਂ ਸਨ ਤਾਂ ਉੱਥੇ ਹੀ ਕੁਝ ਹੱਥਾਂ ਵਿਚ ਗੁਲਾਬ ਦੇ ਫੁੱਲ ਵੀ ਸੀ। ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਅਮੀਰ ਅਜ਼ੀਜ਼ ਨਾਂਅ ਦੇ ਇਕ ਵਿਅਕਤੀ ਨੇ ਇਸ ਕਾਨੂੰਨ ਖਿਲਾਫ ਅਪਣਾ ਗੁੱਸਾ ਸ਼ਾਇਰਾਨਾ ਅੰਦਾਜ਼ ਵਿਚ ਵਿਅਕਤ ਕੀਤਾ।
ਆਮਿਰ ਅਜ਼ੀਜ਼ ਨੇ ਕਿਹਾ ਕਿ, ‘ਤੁਮ ਗੋਲੀਓਂ ਸੇ ਹਮੇਂ ਮਾਰ ਜ਼ਰੂਰ ਸਕਤੇ ਹੋ ਲੇਕਿਨ ਗੋਲੀਓਂ ਸੇ ਹਮ ਮਰ ਜਾਏਂ ਐਸਾ ਜ਼ਰੂਰੀ ਨਹੀਂ...’ਸ਼ਾਇਰੀ ਦੇ ਜ਼ਰੀਏ ਕੇਂਦਰ ਸਰਕਾਰ ਦੇ ਕਾਨੂੰਨ ਦੇ ਖਿਲਾਫ ਵਿਰੋਧ ਜਤਾ ਰਹੇ ਆਮਿਰ ਅਜੀਜ਼ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਇਕ ਦਿਲਚਸਪ ਗੱਲ ਇਹ ਵੀ ਹੈ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਕਈ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਵੀ ਆਈਆਂ ਹਨ, ਜਿਨ੍ਹਾਂ ਵਿਚ ਕੁਝ ਅਜਿਹੇ ਪ੍ਰਦਰਸ਼ਨਕਾਰੀ ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਸੀਏਏ ਅਤੇ ਐਨਸੀਆਰ ਦਾ ਮਤਲਬ ਵੀ ਨਹੀਂ ਪਤਾ ਸੀ। ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਬਣਨ ਤੋਂ ਬਾਅਦ ਹੀ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨ ਵਿਚ ਹਿੰਸਾ ਹੋਣ ਕਾਰਨ ਸਿਰਫ ਯੂਪੀ ਵਿਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵੀ ਵੱਖ-ਵੱਖ ਹਿੱਸਿਆਂ ਤੋਂ ਵੀ ਮੌਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।