ਔਰਤਾਂ ਬਿਨਾਂ ਤਨਖ਼ਾਹ ਕਰਦੀਆਂ ਨੇ 10 ਹਜ਼ਾਰ ਅਰਬ ਡਾਲਰ ਦਾ ਕੰਮ
ਅਸੀਂ ਦੇਖਦੇ ਹਾਂ ਕਿ ਔਰਤਾਂ ਘਰਾਂ ਵਿਚ ਬੱਚਿਆਂ ਦੇਖਭਾਲ, ਖਾਣਾ ਬਣਾਉਣਾ, ਕੱਪੜੇ ਧੋਣੇ। ਘਰ ਦੀ ਸਾਂਭ ਸੰਭਾਲ ਵਰਗੇ ਹੋਰ ਕਿੰਨੇ ਹੀ ਕੰਮ ਕਰਦੀਆਂ ਹਨ....
ਨਵੀਂ ਦਿੱਲੀ : ਅਸੀਂ ਦੇਖਦੇ ਹਾਂ ਕਿ ਔਰਤਾਂ ਘਰਾਂ ਵਿਚ ਬੱਚਿਆਂ ਦੇਖਭਾਲ, ਖਾਣਾ ਬਣਾਉਣਾ, ਕੱਪੜੇ ਧੋਣੇ। ਘਰ ਦੀ ਸਾਂਭ ਸੰਭਾਲ ਵਰਗੇ ਹੋਰ ਕਿੰਨੇ ਹੀ ਕੰਮ ਕਰਦੀਆਂ ਹਨ। ਇੰਨਾ ਕੰਮ ਕਰਨ ਦੇ ਬਾਵਜੂਦ ਔਰਤਾਂ ਨੂੰ ਕਦੇ ਇਸ ਕੰਮ ਦੀ ਤਨਖ਼ਾਹ ਨਹੀਂ ਮਿਲਦੀ, ਜਦਕਿ ਔਰਤਾਂ ਦੇ ਮੁਕਾਬਲੇ ਮਰਦ ਇੰਨਾ ਕੰਮ ਨਹੀਂ ਕਰਦੇ। ਉਹ ਸਿਰਫ਼ ਦਫ਼ਤਰ ਜਾਣ ਜਾਂ ਹੋਰ ਬਾਹਰੀ ਕੰਮ ਤਕ ਹੀ ਸੀਮਤ ਹੁੰਦੇ। ਹੁਣ ਇਕ ਵਿਸ਼ਵ ਪੱਧਰੀ ਸੰਸਥਾ ਆਕਸਫੈਮ ਨੇ ਇਸ ਨੂੰ ਲੈ ਕੇ ਇਕ ਸਰਵੇ ਕੀਤਾ ਹੈ।
ਜਿਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੀਆਂ ਔਰਤਾਂ ਸਾਲ ਭਰ ਵਿਚ 10 ਹਜ਼ਾਰ ਅਰਬ ਡਾਲਰ ਦੇ ਬਰਾਬਰ ਕੰਮ ਕਰਦੀਆਂ ਹਨ, ਪਰ ਉਨ੍ਹਾਂ ਨੂੰ ਕਦੇ ਇਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਅਤੇ ਇਹ ਰਾਸ਼ੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਦੇ ਸਾਲਾਨਾ ਕਾਰੋਬਾਰ ਦਾ 43 ਗੁਣਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਔਰਤਾਂ ਘਰ ਅਤੇ ਬੱਚਿਆਂ ਦੀ ਦੇਖਭਾਲ ਵਰਗੇ ਕੰਮ ਬਿਨਾਂ ਤਨਖਾਹ ਤੋਂ ਕਰਦੀਆਂ ਹਨ, ਜਦਕਿ ਉਸ ਦਾ ਮੁੱਲ ਦੇਸ਼ ਦੀ ਜੀਡੀਪੀ ਦੇ 3.1 ਫ਼ੀਸਦੀ ਦੇ ਬਰਾਬਰ ਬਣਦਾ ਹੈ।
ਇਸ ਤਰ੍ਹਾਂ ਦੇ ਕੰਮਾਂ ਵਿਚ ਸ਼ਹਿਰੀ ਔਰਤਾਂ ਰੋਜ਼ਾਨਾ 312 ਮਿੰਟ ਲਗਾਉਂਦੀਆਂ ਹਨ ਜਦਕਿ ਪੇਂਡੂ ਔਰਤਾਂ 291 ਮਿੰਟ ਲਗਾਉਂਦੀਆਂ ਹਨ। ਇਨ੍ਹਾਂ ਦੀ ਤੁਲਨਾ ਵਿਚ ਸ਼ਹਿਰੀ ਖੇਤਰ ਦੇ ਮਰਦ ਬਿਨਾਂ ਭੁਗਤਾਨ ਵਾਲੇ ਕੰਮਾਂ ਵਿਚ ਸਿਰਫ਼ 29 ਮਿੰਟ ਹੀ ਲਗਾਉਂਦੇ ਹਨ ਜਦਕਿ ਪੇਂਡੂ ਖੇਤਰ ਵਿਚ ਰਹਿਣ ਵਾਲੇ ਮਰਦ 32 ਮਿੰਟ ਖ਼ਰਚ ਕਰਦੇ ਹਨ। ਆਕਸਫੈਮ ਵਲੋਂ ਇਹ ਰਿਪੋਰਟ ਦਾਵੋਸ ਵਿਚ ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਬੈਠਕ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਆਰਥਿਕ ਬਰਾਬਰਤਾ ਨਾ ਹੋਣ ਕਾਰਨ ਸਭ ਤੋਂ ਜ਼ਿਆਦਾ ਔਰਤਾਂ ਅਤੇ ਲੜਕੀਆਂ ਪ੍ਰਭਾਵਤ ਹੋ ਰਹੀਆਂ ਹਨ।
ਇੱਥੇ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਨੂੰ ਤਨਖ਼ਾਹ ਵਾਲੇ ਕੰਮ ਮਿਲਣ ਦੇ ਆਸਾਰ ਘੱਟ ਹੁੰਦੇ ਹਨ। ਇੱਥੋਂ ਤਕ ਕਿ ਦੇਸ਼ ਦੇ 119 ਅਰਬਪਤੀਆਂ ਦੀ ਸੂਚੀ ਵਿਚ ਸਿਰਫ਼ 9 ਔਰਤਾਂ ਦਾ ਨਾਮ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਨੂੰ ਕੰਮ ਦੇ ਬਦਲੇ ਘੱਟ ਤਨਖ਼ਾਹ ਮਿਲਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਤਨਖ਼ਾਹ ਵਿਚ ਕਾਫ਼ੀ ਫ਼ਰਕ ਹੋਣ ਕਰਕੇ ਔਰਤਾਂ ਦੀ ਕਮਾਈ 'ਤੇ ਨਿਰਭਰ ਰਹਿਣ ਵਾਲੇ ਪਰਿਵਾਰ ਗਰੀਬ ਰਹਿ ਜਾਂਦੇ ਹਨ।
ਆਕਸਫੈਮ ਨੇ ਸੰਸਾਰਕ ਇਸਤਰੀ-ਪੁਰਸ਼ ਨਾ ਬਰਾਬਰਤਾ ਸੂਚਕ ਅੰਕ 2018 ਵਿਚ ਭਾਰਤ ਦੀ ਖ਼ਰਾਬ ਰੈਂਕਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਿਚ 2006 ਦੇ ਮੁਕਾਬਲੇ ਸਿਰਫ਼ 10 ਸਥਾਨ ਦੀ ਕਮੀ ਆਈ ਹੈ, ਜੋ ਸੰਸਾਰਕ ਔਸਤ ਤੋਂ ਕਾਫ਼ੀ ਪਿੱਛੇ ਹੈ। ਇਸ ਮਾਮਲੇ ਵਿਚ ਭਾਰਤ ਚੀਨ ਅਤੇ ਬੰਗਲਾਦੇਸ਼ ਵਰਗੇ ਅਪਣੇ ਗੁਆਂਢੀ ਦੇਸ਼ਾਂ ਤੋਂ ਵੀ ਪਿੱਛੇ ਹੈ।