ਪਾਕਿਸਤਾਨ 'ਚ ਮੁਠਭੇੜ ਦੌਰਾਨ ਦੋ ਔਰਤਾਂ ਸਮੇਤ ਚਾਰ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮੁਠਭੇੜ ਦੀ ਜਾਂਚ ਦੇ ਹੁਕਮ ਦਿਤੇ ਹਨ।

Encounter

ਇਸਲਾਮਾਬਾਦ : ਪਾਕਿਸਤਾਨ ਦੇ ਅਤਿਵਾਦੀ ਵਿਰੋਧੀ ਅਧਿਕਾਰੀਆਂ ਨੇ ਪੰਜਾਬ ਰਾਜ ਵਿਚ ਚਾਰ ਅਤਿਵਾਦੀਆਂ ਨੂੰ ਮਾਰ ਦਿਤਾ। ਖੁਫੀਆ ਸੂਚਨਾ ਦੇ ਆਧਾਰ 'ਤੇ ਚਲਾਈ ਗਈ ਇਸ ਮੁਹਿੰਮ ਦੌਰਾਨ ਮਾਰੇ ਗਏ ਲੋਕਾਂ ਵਿਚ ਦੋ ਔਰਤਾਂ ਅਤੇ ਇਕ ਸਥਾਨਕ ਆਈਐਸਆਈਐਸ ਕਮਾਂਡਰ ਸ਼ਾਮਲ ਹਨ। ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਸਾਹਿਵਾਲ ਜ਼ਿਲ੍ਹੇ ਵਿਚ ਹੋਈ ਇਸ ਮੁਠਭੇੜ ਵਿਚ ਇਕ ਬੱਚਾ ਵੀ ਜਖ਼ਮੀ ਹੋਇਆ ਹੈ। ਅਤਿਵਾਦ ਵਿਰੋਧੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਾਡੀ ਟੀਮ ਨੇ ਅਤਿਵਾਦੀਆਂ ਨੂੰ ਲੈ ਕੇ ਜਾ ਰਹੀ ਇਕ ਕਾਰ ਅਤੇ ਇਕ ਮੋਟਰਸਾਈਕਲ ਨੂੰ ਸਾਹਿਵਾਲ ਟੋਲ ਪਲਾਜਾ ਕੋਲ ਰੋਕਿਆ।

ਹਾਲਾਂਕਿ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਪੰਜਾਬ ਪੁਲਿਸ ਦੇ ਆਈਜੀ ਅਮਜ਼ਦ ਜਾਵੇਦ ਸਲੇਮੀ ਨੇ ਦੱਸਿਆ ਕਿ ਅਤਿਵਾਦੀ ਅਤੇ ਤਿੰਨ ਹੋਰ ਲੋਕ ਫਰਾਰ ਹੋਣ ਵਿਚ ਕਾਮਯਾਬ ਰਹੇ। ਇਹ ਲੋਕ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਬੇਟੇ, ਇਕ ਅਮਰੀਕੀ ਨਾਗਰਿਕ ਅਤੇ ਪਾਕਿਸਤਾਨ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੂੰ ਅਗਵਾ ਕਰਨ ਵਿਚ ਸ਼ਾਮਲ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮੁਠਭੇੜ ਦੀ ਜਾਂਚ ਦੇ ਹੁਕਮ ਦਿਤੇ ਹਨ। ਮੁਠਭੇੜ ਵਿਚ ਮਾਰੇ ਗਏ ਲੋਕਾਂ ਦੇ ਪਰਵਾਰ ਨੇ ਦਾਅਵਾ ਕੀਤਾ

ਕਿ ਪੁਲਿਸ ਨੇ ਫਰਜ਼ੀ ਮੁਠਭੇੜ ਵਿਚ ਪਰਵਾਰ ਦੇ ਪੁਰਸ਼ ਮੈਂਬਰ ਨੂੰ ਉਸ ਦੀ ਪਤਨੀ ਅਤੇ ਨਾਬਾਲਗ ਬੇਟੀ ਸਮੇਤ ਮਾਰ ਦਿਤਾ। ਉਥੇ ਹੀ ਦੂਜੇ ਪਾਸੇ ਸੀਟੀਡੀ ਨੇ ਸਲੇਮੀ ਨੂੰ ਸੌਂਪੀ ਗਈ ਰੀਪੋਰਟ ਵਿਚ ਕਿਹਾ ਹੈ ਕਿ ਟੀਮ ਨੇ ਸੰਯੁਕਤ ਖੁਫੀਆ ਸੂਚਨਾ ਦੇ ਆਧਾਰ 'ਤੇ ਮੁਹਿੰਮ ਚਲਾਈ ਗਈ ਜਿਸ ਵਿਚ ਆਈਐਸਆਈਐਸ ਨਾਲ ਸਬੰਧਤ ਚਾਰ ਅਤਿਵਾਦੀ ਮਾਰੇ ਗਏ। ਉਹਨਾਂ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ ਹੈ। ਸੀਟੀਡੀ ਮੁਠਭੇੜ ਵਾਲੀ ਥਾਂ ਤੋਂ ਫਰਾਰ  ਹੋਰਨਾਂ ਅਤਿਵਾਦੀਆਂ ਦੀ ਭਾਲ ਕਰ ਰਹੀ ਹੈ।