ਸਿਆਸਤ 'ਚ ਨਵਜੋਤ ਸਿੱਧੂ Returns ! ਕਾਂਗਰਸ ਨੇ ਦਿੱਲੀ 'ਚ ਬਣਾਇਆ 'ਸਟਾਰ ਕੈਂਪੇਨਰ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਦਿੱਲੀ ਚੋਣਾਂ ਦੀ ਸਟਾਰ ਪ੍ਰਚਾਰਕ ਸੂਚੀ ਵਿਚ ਸਿੱਧੂ ਦਾ ਨਾਮ ਕੀਤਾ ਸ਼ਾਮਲ

File Photo

ਨਵੀਂ ਦਿੱਲੀ : 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਇਕੋਂ ਪੜਾਅ ਅੰਦਰ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਕੱਲ੍ਹ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਸੀ। ਨਾਮਜ਼ਦਗੀਆਂ ਭਰਨ ਤੋਂ ਬਾਅਦ ਹੁਣ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਵਿਚ ਜੁਟ ਗਈਆਂ ਹਨ ਅਤੇ ਇਸੇ ਨੂੰ ਲੈ ਕੇ ਕਾਂਗਰਸ ਨੇ ਵੀ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਇਸ ਲਿਸਟ ਦੀ ਖਾਸ ਗੱਲ ਇਹ ਹੈ ਕਿ ਇਸ ਸਮੇਂ ਸਿਆਸਤ ਤੋਂ ਦੂਰ ਚੱਲ ਰਹੇ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਕਾਂਗਰਸ ਪਾਰਟੀ ਨੇ ਚੋਣ ਪ੍ਰਚਾਰ ਦੇ ਲਈ ਜਿਹੜੀ ਸੂਚੀ ਜਾਰੀ ਕੀਤੀ ਹੈ ਉਸ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਜਨਰਲ ਸੱਕਤਰ ਪ੍ਰਿੰਅਕਾ ਗਾਂਧੀ, ਸਾਬਕਾ ਪੀਐਮ ਡਾ.ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਸੀ ਥਰੂਰ,ਸ਼ਤਰੂਘਨ ਸਿਨ੍ਹਾ ਅਤੇ ਪੰਜਾਬ ਦੇ ਸਾਬਕਾ ਕੈਬੀਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕਈ ਵੱਡੇ ਆਗੂ ਸ਼ਾਮਲ ਹਨ।

ਲੋਕ ਸਭਾ ਦੀਆਂ ਚੋਣਾਂ ਵਿਚ ਵੀ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਸਨ ਅਤੇ ਉਨ੍ਹਾਂ ਨੇ ਪਾਰਟੀ ਲਈ ਜਮ ਕੇ ਪ੍ਰਚਾਰ ਕੀਤਾ ਸੀ ਪਰ ਉਨ੍ਹਾਂ ਦਾ ਪ੍ਰਚਾਰ ਪਾਰਟੀ ਦੇ ਲਈ ਜਿਆਦਾ ਕੰਮ ਨਹੀਂ ਆਇਆ ਸੀ ਅਤੇ ਕਾਂਗਰਸ ਕੇਵਲ 52 ਸੀਟਾਂ 'ਤੇ ਹੀ ਜਿੱਤ ਪ੍ਰਾਪਤ ਕਰ ਸਕੀ ਸੀ। ਹੁਣ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ 'ਤੇ   ਪਾਰਟੀ ਨੇ ਆਪਣਾ ਭਰੋਸਾ ਜਤਾਇਆ ਹੈ ਅਤੇ ਸਟਾਰ ਪ੍ਰਚਾਰਕ ਦੀ ਲਿਸਟ ਵਿਚ ਸ਼ਾਮਲ ਕੀਤਾ ਹੈ ਪਰ ਇਸ ਵਾਰ ਸਿੱਧੂ ਦਾ ਨਾਮ ਇਸ ਸੂਚੀ ਵਿਚ ਆਉਣ ਤੋਂ ਬਾਅਦ ਹੁਣ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ, ਕੀ ਨਵਜੋਤ ਸਿੰਘ ਸਿੱਧੂ ਦਿੱਲੀ ਚੋਣਾਂ ਵਿਚ ਪਾਰਟੀ ਲਈ ਪ੍ਰਚਾਰ ਕਰਨ ਲਈ ਜਾਣਗੇ ਜਾਂ ਫਿਰ ਨਹੀਂ?

 ਇਸ ਦਾ ਕਾਰਨ ਵੀ ਇਹ ਹੈ ਕਿ ਲੋਕਾ ਸਭਾ ਚੋਣਾਂ ਵਿਚ ਕਾਂਗਰਸ ਦੀ ਹੋਈ ਕਰਾਰੀ ਹਾਰ ਅਤੇ ਮੁੱਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿਚ 13 ਸੀਟਾਂ 'ਤੇ ਨਾਂ ਜਿੱਤਣ ਪਿੱਛੇ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਠਹਿਰਾ ਦੇਣ ਦੇ ਨਾਲ ਹੀ ਉਨ੍ਹਾਂ ਦਾ ਵਿਭਾਗ ਬਦਲ ਦੇਣ ਕਰਕੇ ਸਿੱਧੂ ਨੇ ਕੈਬਨਿਟ ਵਿਚੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਹੁਣ ਤੱਕ ਉਹ ਪੰਜਾਬ ਦੀ ਸਿਆਸਤ ਤੋਂ ਲਾਂਬੇ ਚੱਲ ਰਹੇ ਹਨ।

ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਤਿੰਨ ਪੜਾਵਾਂ ਵਿਚ 70 ਚੋਂ 66 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਸੀ। ਪਾਰਟੀ ਨੇ ਅਰਵਿੰਦ ਕੇਜਰੀਵਾਲ ਵਿਰੁੱਧ ਰਾਮੇਸ਼ ਸਭਰਵਾਲ ਨੂੰ ਮੈਦਾਨ ਵਿਚ ਉਤਾਰਿਆ ਹੈ। ਇਹ ਵੀ ਦੱਸ ਦਈਏ ਕਿ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਰਟੀ ਨੂੰ ਦਿੱਲੀ ਵਿਚ 70 ਚੋਂ ਇਕ ਸੀਟ ਵੀ ਨਸੀਬ ਨਹੀਂ ਹੋਈ ਸੀ।