ਲੰਮੀ ਚੁੱਪ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਦਰਦ ਆਇਆ ਸਾਹਮਣੇ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਪੰਜਾਬ ਨੂੰ ਲੋੜ ਚੰਗੇ ਕਿਰਦਾਰਾਂ ਦੀ ਹੈ-ਸਿੱਧੂ

File Photo

ਅੰਮ੍ਰਿਤਸਰ : ਚਰਚਿਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦੁਨੀਆਂ ਭਰ ਦੇ ਅਵਾਮ, ਦੇਸ਼ ਵਾਸੀਆਂ ਅਤੇ ਪੰਜਾਬੀਆਂ ਨੂੰ ਅਪਣੇ ਅੰਦਾਜ਼ ਵਿਚ ਦਿੰਦਿਆਂ ਕਿਹਾ ਕਿ ਮੇਰਾ ਰੋਮ-ਰੋਮ ਪੰਜਾਬ ਦੇ ਲੋਕਾਂ ਲਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਲੋੜ ਚੰਗੇ ਕਿਰਦਾਰਾਂ ਦੀ ਹੈ।

ਉਨ੍ਹਾਂ ਕਿਹਾ ਕਿ ''ਦੋਸਤ ਦਾ ਪਤਾ ਮੁਸੀਬਤ ਵਿਚ ਪਤਾ ਲਗਦਾ ਹੈ। ਨਾਮ ਇਕ ਦਿਨ ਵਿਚ ਨਹੀਂ ਬਣਦਾ, ਸਮਾਂ ਲਗਦਾ ਹੈ। ਹਰ ਪਾਇਲਟ ਸ਼ਾਂਤ ਸਮੁੰਦਰ ਵਿਚ  ਤਰਦਾ ਹੈ ਪਰ ਤੂਫ਼ਾਨ ਅਤੇ ਸਮੁੰਦਰ ਦੇ ਛੱਲਾਂ ਮਾਰਨ 'ਤੇ ਕੋਈ ਵਿਰਲਾ ਹੀ ਉਸ ਦਾ ਸਾਹਮਣਾ ਕਰਦਾ ਹੈ।ਬਰੋਟੇ ਨੂੰ ਅੱਗ ਲਗਣ 'ਤੇ ਦੇਸ਼-ਭਗਤ ਪਰਿੰਦਾ ਹੀ ਦਰੱਖ਼ਤ ਨਾਲ ਸੜਦਾ ਹੈ ਜਿਸ ਨੇ ਉਸ ਦੀ ਛਾਂ ਦਾ ਨਿਘ ਲਿਆ ਹੁੰਦਾ ਹੈ''।

ਨਵੇਂ ਸਾਲ ਦੀ ਤੁਲਨਾ ਸਿੱਧੂ ਨੇ ਨਵੀਂ ਤਰੰਗ ਨਵੀਂ ਉਮੰਗ ਨਾਲ ਕਰਦਿਆਂ ਕਿਹਾ ਕਿ ਇਸ ਦਾ ਨਜ਼ਾਰਾ ਨਵੀਂ ਸਵੇਰ ਵਰਗਾ ਹੈ। ਪੰਜਾਬ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਿੱਧੂ ਨੇ ਹਰ ਪੰਜਾਬੀ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ''ਹੁਣ ਇਸ ਨੂੰ ਜੁਰਅਤ ਵਾਲੇ, ਉਚੇ 'ਤੇ ਸੁੱਚੇ ਚਰਿੱਤਰ ਵਾਲੇ ਲੋਕਾਂ ਦੀ ਜ਼ਰੂਰਤ ਹੈ ਜਿਨ੍ਹਾਂ ਦਾ ਨਿਸ਼ਾਨਾ ਮਿਸ਼ਨ ਹੋਵੇ। ਅੱਜ ਪੰਜਾਬ ਨੂੰ ਕਿਰਦਾਰ 'ਤੇ ਵਿਸ਼ਵਾਸ ਵਾਲੇ ਲੋਕਾਂ ਦੀ ਜ਼ਰੂਰਤ ਹੈ''।

ਉਨ੍ਹਾਂ ਦੀਵੇ ਦੀ ਮਿਸਾਲ ਦਿੰਦਿਆਂ ਕਿਹਾ ਕਿ ''ਉਹ ਕਾਲਾ ਹੋ ਕੇ ਰੋਸ਼ਨੀ ਦਿੰਦਾ ਹੈ। ਬਲੀਦਾਨ ਸਮਾਂ ਨਹੀਂ ਵੇਖਦਾ। ਬੀਜ ਮਿੱਟੀ ਵਿਚ ਘੁਲ ਕੇ ਅਤੇ ਅਪਣਾ ਅਸਤਿਤਵ ਮਿਟਾ ਕੇ ਕਈ ਬੀਜਾਂ ਨੂੰ ਜਨਮ ਦਿੰਦਾ ਹੈ''। ਇਹ ਦਰਦ ਸਿੱਧੂ ਨੇ 6 ਮਹੀਂਨੇ ਬਾਅਦ ਨਵੇਂ ਸਾਲ  ਦੀ ਆਮਦ 'ਤੇ ਮੁਬਾਰਕਾਂ ਦੇਣ ਦੇ ਬਹਾਨੇ ਸਾਂਝਾ ਕੀਤਾ ਹੈ।