ਅਕਾਲੀ-ਭਾਜਪਾ ਦੇ ਗਠਜੋੜ ਨੂੰ ਲੈ ਕੇ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ।

Photo

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ। ਇਹਨਾਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਅਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਟਿਕਟ ਨਹੀਂ ਦਿੱਤੀ।

ਇਸ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਅਕਾਲੀ ਦਲ ਨੂੰ ਸਵਾਲ ਕੀਤੇ ਜਾ ਰਹੇ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਉਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਕਰਕੇ ਚੋਣਾਂ ਦਾ ਬਾਈਕਾਟ ਕੀਤਾ ਹੈ। ਮਨਜੀਤ ਸਿੰਘ ਜੀਕੇ ਨੇ ਅਕਾਲੀ ਦਲ ਦੇ ਇਸ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ।

ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਕਿਹਾ ਹੈ ਕਿ ਕਿਸੇ ਸਮੇਂ ਭਾਜਪਾ ਅਕਾਲੀ ਦਲ ਨੂੰ ਘਰ ਆ ਕੇ ਵੋਟਾਂ ਲਈ ਟਿਕਟ ਦਿੰਦੀ ਸੀ ਕਿਉਂਕਿ ਭਾਜਪਾ ਜਾਣਦੀ ਸੀ ਕਿ ਅਕਾਲੀ ਦਲ ਸਿੱਖਾਂ ਦੀਆਂ ਵੋਟਾਂ ਲੈ ਕੇ ਭਾਜਪਾ ਦਾ ਫਾਇਦਾ ਕਰ ਸਕਦਾ ਹੈ। ਪਰ ਹੁਣ ਭਾਜਪਾ ਨੂੰ ਪਤਾ ਚੱਲ ਗਿਆ ਹੈ ਕਿ ਅਕਾਲੀ ਦਲ ਕੋਲ ਸਿੱਖ ਵੋਟ ਨਹੀਂ ਰਹੀ।

ਇਸ ਤੋਂ ਬਾਅਦ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਉਹ ਨਾਗਰਿਕਤਾ ਕਾਨੂੰਨ ਦਾ ਵਿਰੋਧ ਨਹੀਂ ਕਰਦੇ, ਉਹਨਾਂ ਕਿਹਾ ਕਿ ਉਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈਣ ਲਈ ਲੜਾਈ ਲੜੀ ਹੈ। ਉਹਨਾਂ ਕਿਹਾ ਕਿ ਅਸੀਂ ਡੱਟ ਕੇ ਸੀਏਏ ਦੇ ਹੱਕ ਵਿਚ ਖੜ੍ਹੇ ਹਾਂ ਅਤੇ ਖੜ੍ਹੇ ਰਹਾਂਗੇ।

ਉਹਨਾਂ ਕਿਹਾ ਕਿ ਅਕਾਲੀ ਦਲ ਇਕ ਸਿਧਾਂਤਕ ਪਾਰਟੀ ਹੈ ਅਤੇ ਅਸੀਂ ਅਪਣੇ ਸਿਧਾਂਤਾਂ ਤੋਂ ਨਹੀਂ ਹਟ ਸਕਦੇ। ਉਹਨਾਂ ਕਿਹਾ ਕਿ ਸਾਡੀ ਇਕੋ ਮੰਗ ਹੈ ਕਿ ਮੁਸਲਿਮ ਭਰਾਵਾਂ ਦਾ ਨਾਂਅ ਵੀ ਇਕ ਕਾਨੂੰਨ ਵਿਚ ਸ਼ਾਮਲ ਕੀਤਾ ਜਾਵੇ। ਸਿਰਸਾ ਨੇ ਕਿਹਾ ਕਿ ਉਹਨਾਂ ਵੱਲੋਂ ਚੋਣਾਂ ਲੜਨ ਦੀ ਪੂਰੀ ਤਿਆਰੀ ਸੀ ਅਤੇ ਉਹਨਾਂ ਦੇ ਚਾਰੇ ਉਮੀਦਵਾਰ ਵੀ ਤਿਆਰ ਸਨ। ਉਹਨਾਂ ਕਿਹਾ ਕਿ ਗਠਜੋੜ ਅਕਾਲੀ ਦਲ ਨੇ ਨਹੀਂ ਬਲਕਿ ਭਾਜਪਾ ਨੇ ਤੋੜਿਆ ਹੈ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾਂ ਅਪਣੇ ਸਟੈਂਡ ‘ਤੇ ਬਰਕਾਰ ਰਹੇ ਹਾਂ।