ਆਖ਼ਰ ਕੌਣ ਨੇ ਦਿੱਲੀ ਪੁਲਿਸ ਦੀ ਵਰਦੀ 'ਚ ਤਾਇਨਾਤ ਕੀਤੇ ਲੋਕ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ...

Photo

ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਵੇਂ ਦੇਸ਼ ਭਰ ਵਿਚ ਲਾਗੂ ਕਰ ਦਿੱਤਾ ਗਿਆ ਹੈ ਪਰ ਵੱਡੀ ਗਿਣਤੀ ਲੋਕਾਂ ਵੱਲੋਂ ਇਸ ਕਾਨੂੰਨ ਨੂੰ ਸੰਵਿਧਾਨ ਦੀ ਉਲੰਘਣਾ ਕਰਾਰ ਦਿੰਦੇ ਹੋਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਦਾ ਅਜੇ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਸੀਏਏ ਦਾ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਦਬਾਉਣ ਲਈ ਪੁਲਿਸ ਦੀ ਆੜ ਵਿਚ ਆਰਐਸਐਸ ਦੇ ਗੁੰਡੇ ਤਾਇਨਾਤ ਕੀਤੇ ਗਏ ਹਨ। ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਪ੍ਰਦਰਸ਼ਨਕਾਰੀ ਔਰਤ ਪੁਲਿਸ ਦੀ ਵਰਦੀ ਵਿਚ ਖੜ੍ਹੇ ਇਕ ਵਿਅਕਤੀ ਨੂੰ ਉਸ ਦੀ ਨੇਮ ਪਲੇਟ ਦਿਖਾਉਣ ਲਈ ਆਖ ਰਹੀ ਹੈ ਪਰ ਲੱਖ ਕਹਿਣ 'ਤੇ ਵੀ ਉਸ ਵਿਅਕਤੀ ਨੇ ਨੇਮ ਪਲੇਟਨਹੀਂ ਦਿਖਾਈ।

ਇਹ ਵੀਡੀਓ ਦਿੱਲੀ ਦੇ ਤੁਰਕਮਾਨ ਗੇਟ ਦੀ ਦੱਸੀ ਜਾ ਰਹੀ ਹੈ। ਜਿੱਥੇ ਸੀਏਏ ਦੇ ਵਿਰੋਧ ਵਿਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਉਥੇ ਦਿੱਲੀ ਪੁਲਿਸ ਦੇ ਨਾਲ ਕੁੱਝ ਅਜਿਹੇ ਲੋਕ ਵੀ ਪੁਲਿਸ ਦੀ ਵਰਦੀ ਵਿਚ ਖੜ੍ਹੇ ਨਜ਼ਰ ਆਏ, ਜਿਨ੍ਹਾਂ ਦੇ ਕੋਈ ਨੇਮ ਪਲੇਟ ਨਹੀਂ ਲੱਗੀ ਹੋਈ ਸੀ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਇਕ ਵੀਡੀਓ ਸਾਹਮਣੇ ਆ ਚੁੱਕੀ ਹੈ, ਜਦੋਂ ਕੁੱਝ ਵਿਦਿਆਰਥੀਆਂ ਅਤੇ ਲੋਕਾਂ ਨੂੰ ਪੁਲਿਸ ਦੀ ਵਰਦੀ ਵਿਚ ਮੌਜੂਦ ਕੁੱਝ ਲੋਕ ਬੱਸ ਵਿਚ ਚੁੱਕ ਕੇ ਲੈ ਗਏ ਸਨ।

ਉਨ੍ਹਾਂ ਵਿਚੋਂ ਵੀ ਕਈਆਂ ਦੀ ਵਰਦੀ 'ਤੇ ਨੇਮ ਪਲੇਟ ਨਹੀਂ ਸੀ ਲੱਗੀ ਹੋਈ। ਇਨ੍ਹਾਂ ਤੋਂ ਪਹਿਲਾਂ ਜਾਮੀਆ ਯੂਨੀਵਰਸਿਟੀ ਵਿਚ ਜੋ ਕੁੱਝ ਹੋਇਆ ਉਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਜਿੱਥੇ ਬਿਨਾਂ ਇਜਾਜ਼ਤ ਲਏ ਦਿੱਲੀ ਪੁਲਿਸ ਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਦਾਖ਼ਲ ਹੋ ਕੇ ਮੁੰਡੇ ਕੁੜੀਆਂ 'ਤੇ ਲਾਠੀਆਂ ਵਰਸਾਈਆਂ ਸਨ। ਕੰਧਾਂ ਟੱਪ ਕੇ ਅੰਦਰ ਦਾਖ਼ਲ ਹੋਈ ਪੁਲਿਸ ਵਿਚ ਵੀ ਅਜਿਹੇ ਲੋਕਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਸ ਵੀਡੀਓ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਇਸ ਗੁੰਡਾਗਰਦੀ ਦੀ ਦੇਸ਼ ਭਰ ਵਿਚ ਸਖ਼ਤ ਨਿੰਦਾ ਕੀਤੀ ਗਈ। ਵਿਦਿਆਰਥੀਆਂ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਜਿਸ ਤਰ੍ਹਾਂ ਲਾਇਬ੍ਰੇਰੀ ਵਿਚ ਭੰਨਤੋੜ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵਰਦੀ ਵਿਚ ਭਾਜਪਾ ਦੇ ਵਰਕਰ ਵੀ ਮੌਜੂਦ ਸਨ ਅਤੇ ਇਹ ਸਭ ਕੁੱਝ ਮੋਦੀ ਸਰਕਾਰ ਦੀ ਸ਼ਹਿ 'ਤੇ ਹੋਇਆ।

ਇਸ ਮਗਰੋਂ ਫਿਰ ਜੇਐਨਯੂ ਦੀ ਘਟਨਾ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ, ਜਦੋਂ ਕੁੱਝ ਨਕਾਬਪੋਸ਼ ਹਮਲਾਵਰਾਂ ਨੇ ਜੇਐਨਯੂ ਵਿਚ ਦਾਖ਼ਲ ਹੋ ਕੇ ਸੀਏਏ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਸੀ। ਪੀੜਤ ਵਿਦਿਆਰਥੀਆਂ ਨੇ ਭਾਜਪਾ ਦੇ ਵਿਦਿਆਰਥੀ ਸੰਗਠਨ ਏਬੀਵੀਪੀ 'ਤੇ ਇਹ ਹਮਲਾ ਕਰਨ ਦੇ ਦੋਸ਼ ਲਗਾਏ ਸਨ।

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੌਰਾਨ ਹੋਈ ਹਿੰਸਾ ਦੌਰਾਨ ਵੀ ਕੁੱਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ, ਜਿਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ। ਇਨ੍ਹਾਂ ਵਿਚੋਂ ਇਕ ਵੀਡੀਓ ਉਹ ਸੀ, ਜਿਸ ਵਿਚ ਪੁਲਿਸ ਨੂੰ ਪੀਪੀਆਂ ਨਾਲ ਬੱਸ ਵਿਚ ਕੁੱਝ ਸੁੱਟਦੇ ਹੋਏ ਦਿਖਾਇਆ ਗਿਆ ਸੀ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਨੇ ਖ਼ੁਦ ਬੱਸਾਂ ਨੂੰ ਅੱਗ ਲਗਾਈ ਅਤੇ ਲੋਕਾਂ ਦਾ ਨਾਮ ਲਗਾਇਆ  ਨਾਗਰਿਕਤਾ ਕਾਨੂੰਨ ਨੂੰ ਲੈ ਕੇ ਜੋ ਕੁੱਝ ਇਸ ਵਾਰ ਦਿੱਲੀ ਵਿਚ ਹੋਇਆ, ਅਜਿਹਾ ਸ਼ਾਇਦ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ। ਪੁਲਿਸ ਨੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਲੱਭ-ਲੱਭ ਕੇ ਨਿਸ਼ਾਨਾ ਬਣਾਇਆ।

ਇਨ੍ਹਾਂ ਸਾਰੀਆਂ ਘਟਨਾਵਾਂ ਵਿਚ ਬਿਨਾਂ ਨੇਮ ਪਲੇਟ ਵਾਲੀ ਪੁਲਿਸ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਨੇ ਕਿ ਆਖ਼ਰ ਕੌਣ ਹਨ ਇਹ ਲੋਕ ਜੋ ਪੁਲਿਸ ਦੀ ਵਰਦੀ ਵਿਚ ਤਾਇਨਾਤ ਕੀਤੇ ਗਏ ਨੇ,  ਕਿਉਂ ਲੋਕਾਂ ਦੇ ਵਾਰ ਵਾਰ ਕਹਿਣ 'ਤੇ ਵੀ ਇਨ੍ਹਾਂ ਵੱਲੋਂ ਅਪਣੀ ਨੇਮ ਪਲੇਟ ਨਹੀਂ ਦਿਖਾਈ ਜਾ ਰਹੀ? ਕੀ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਮੁਤਾਬਕ ਇਹ ਆਰਐਸਐਸ ਦੇ ਲੋਕ ਨੇ? ਇਸ ਦਾ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।