ਸਰਕਾਰ ਨੇ ਪਾਕਿਸਤਾਨ ਵਲ ਜਾਣ ਵਾਲੇ 'ਭਾਰਤ ਦੇ ਹਿੱਸੇ ਦੇ ਪਾਣੀ' ਨੂੰ ਰੋਕਣ ਦਾ ਫ਼ੈਸਲਾ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਪਾਕਿਸਤਾਨ ਵਲ ਜਾਣ ਵਾਲੇ 'ਸਾਡੇ ਹਿੱਸੇ ਦੇ ਪਾਣੀ' ਨੂੰ ਰੋਕਣ ਅਤੇ ਪੂਰਬੀ ਨਦੀਆਂ ਦਾ ਵਹਾਅ ਜੰਮੂ-ਕਸ਼ਮੀਰ ਅਤੇ ਪੰਜਾਬ ਵਲ ਮੋੜਨ ਦਾ ਫ਼ੈਸਲਾ ਕੀਤਾ ਹੈ.....

Nitin Gadkari

ਨਵੀਂ ਦਿੱਲੀ : ਸਰਕਾਰ ਨੇ ਪਾਕਿਸਤਾਨ ਵਲ ਜਾਣ ਵਾਲੇ 'ਸਾਡੇ ਹਿੱਸੇ ਦੇ ਪਾਣੀ' ਨੂੰ ਰੋਕਣ ਅਤੇ ਪੂਰਬੀ ਨਦੀਆਂ ਦਾ ਵਹਾਅ ਜੰਮੂ-ਕਸ਼ਮੀਰ ਅਤੇ ਪੰਜਾਬ ਵਲ ਮੋੜਨ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿਤੀ ਹੈ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਕੁੱਝ ਹੀ ਦਿਨ ਪਹਿਲਾਂ ਪੁਲਵਾਮਾ 'ਚ ਅਤਿਵਾਦੀ ਹਮਲੇ 'ਚ ਸੀ.ਆਰ.ਪੀ.ਐਫ਼. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਗਡਕਰੀ ਨੇ ਇਕ ਟਵੀਟ ਕੀਤਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਾਡੀ ਸਰਕਾਰ ਨੇ ਪਾਕਿਸਤਾਨ ਵਲ ਜਾਣ ਵਾਲੇ ਸਾਡੇ ਹਿੱਸੇ ਦੇ ਪਾਣੀ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ।

ਅਸੀਂ ਪੂਰਬੀ ਨਦੀਆਂ ਦੇ ਵਹਾਅ ਦਾ ਰਸਤਾ ਬਦਲ ਦੇਵਾਂਗੇ ਅਤੇ ਜੰਮੂ-ਕਸ਼ਮੀਰ ਅਤੇ ਪੰਜਾਬ 'ਚ ਅਪਣੇ ਲੋਕਾਂ ਨੂੰ ਪਹੁੰਚਾਵਾਂਗੇ।'' ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਤੋਂ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਜੰਮੂ-ਕਸ਼ਮੀਰ ਅਤੇ ਪੰਜਾਬ ਵਲ ਮੋੜਿਆ ਜਾਵੇਗਾ। ਗਡਕਰੀ ਨੇ ਕਿਹਾ ਕਿ ਰਾਵੀ ਨਦੀ 'ਤੇ ਸ਼ਾਹਪੁਰ-ਕੰਡੀ ਬੰਨ੍ਹ ਦੀ ਉਸਾਰੀ ਸ਼ੁਰੂ ਹੋ ਗਈ ਹੈ।

ਇਸ ਤੋਂ ਇਲਾਵਾ ਯੂ.ਜੇ.ਐਚ. ਪ੍ਰਾਜੈਕਟ ਜ਼ਰੀਏ ਜੰਮੂ-ਕਸ਼ਮੀਰ 'ਚ ਪ੍ਰਯੋਗ ਲਈ ਸਾਡੇ ਹਿੱਸੇ ਦੇ ਪਾਣੀ ਦਾ ਭੰਡਾਰਨ ਹੋਵੇਗਾ ਅਤੇ ਬਾਕੀ ਪਾਣੀ ਦੂਜੇ ਰਾਵੀ ਵਿਆਸ ਲਿੰਕ ਜ਼ਰੀਏ ਹੋਰ ਸੂਬਿਆਂ ਦੇ ਬੇਸਿਨ 'ਚ ਪ੍ਰਵਾਹਤ ਹੋਵੇਗਾ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ ਸੀ.ਆਰ.ਪੀ.ਐਫ. ਜਵਾਨਾਂ ਉਤੇ ਹਮਲੇ ਤੋਂ ਬਾਅਦ ਸਿੰਧੂ ਜਲ ਸਮਝੌਤੇ ਤਹਿਤ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ 'ਤੇ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬਿਆਸ, ਰਾਵੀ ਅਤੇ ਸਤਲੁਜ ਨਦੀਆਂ ਦਾ ਪਾਣੀ ਭਾਰਤ ਤੋਂ ਹੋ ਕੇ ਪਾਕਿਸਤਾਨ ਪਹੁੰਚਦਾ ਹੈ। (ਪੀਟੀਆਈ)