ਕਸ਼ਮੀਰ ਘਾਟੀ ’ਚ 11 ਮਹੀਨੇ ਬਾਅਦ ਪਟੜੀ ’ਤੇ ਦੌੜੀ ਰੇਲ ਗੱਡੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲਵੇ ਲੜੀਬੱਧ ਤਰੀਕੇ ਨਾਲ ਰੇਲ ਸੇਵਾਵਾਂ ਦੀ ਗਿਣਤੀ ਵਿਚ ਵਾਧਾ ਕਰ ਰਿਹਾ ਹੈ

Train

ਸ਼੍ਰੀਨਗਰ : ਕੋਵਿਡ-19 ਕਾਰਨ ਕਰੀਬ 11 ਮਹੀਨੇ ਤੋਂ ਰੱਦ ਰੇਲ ਸੇਵਾ ਕਸ਼ਮੀਰ ਘਾਟੀ ਵਿਚ ਸੋਮਵਾਰ ਨੂੰ ਬਹਾਲ ਕਰ ਦਿਤੀ ਗਈ। ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ  ਇਸ ਨਾਲ ਆਵਾਜਾਈ ਦੀ ਸਹੂਲਤ ਵਧੇਗੀ ਅਤੇ ਸੈਰ-ਸਪਾਟਾ ਖੇਤਰ ਨੂੰ ਵੱਡਾ ਹੁੰਗਾਰਾ ਮਿਲੇਗਾ। ਗੋਇਲ ਨੇ ਟਵੀਟ ਕੀਤਾ ਕਿ ਰੇਲਵੇ 22 ਫ਼ਰਵਰੀ ਤੋਂ ਕਸ਼ਮੀਰ ਘਾਟੀ ਵਿਚ ਬਨਿਹਾਲ-ਬਾਰਾਮੂਲਾ ਡਵੀਜ਼ਨ ’ਤੇ ਦੋ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨ ਦੇ ਨਾਲ ਹੀ ਸੇਵਾ ਬਹਾਲ ਕਰ ਰਿਹਾ ਹੈ। 

ਰੇਲਵੇ ਲੜੀਬੱਧ ਤਰੀਕੇ ਨਾਲ ਰੇਲ ਸੇਵਾਵਾਂ ਦੀ ਗਿਣਤੀ ਵਿਚ ਵਾਧਾ ਕਰ ਰਿਹਾ ਹੈ। ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਪਹਿਲਾਂ ਤੋਂ ਹੀ 65 ਫ਼ੀ ਸਦੀ ਰੇਲ ਗੱਡੀਆਂ ਚੱਲ ਰਹੀਆਂ ਹਨ। ਜਨਵਰੀ ਵਿਚ 250 ਤੋਂ ਵਧ ਰੇਲ ਗੱਡੀਆਂ ਵਧਾਈਆਂ ਗਈਆਂ ਅਤੇ ਇਸ ਤੋਂ ਬਾਅਦ ਲੜੀਬੱਧ ਤਰੀਕੇ ਨਾਲ ਰੇਲ ਗੱਡੀਆਂ ਦੀ ਗਿਣਤੀ ਹੋਰ ਵਧਾਈ ਜਾਵੇਗੀ। 

ਮੌਜੂਦਾ ਸਮੇਂ ਵਿਚ ਦੇਸ਼ ਭਰ ਵਿਚ ਕੁਝ ਉੱਪ ਨਗਰੀ ਰੇਲ ਸੇਵਾਵਾਂ ਨਾਲ ਸਿਰਫ਼ ਸਪੈਸ਼ਲ ਰੇਲ ਗੱਡੀਆਂ ਚੱਲ ਰਹੀਆਂ ਹਨ, ਜੋ ਪੂਰੀ ਤਰ੍ਹਾਂ ਨਾਲ ਰਿਜ਼ਰਵਡ ਹੁੰਦੀਆਂ ਹਨ। ਦੇਸ਼ ਵਿਚ ਪਿਛਲੇ ਸਾਲ ਤਾਲਾਬੰਦੀ ਦੇ ਐਲਾਨ ਮਗਰੋਂ 25 ਮਾਰਚ ਤੋਂ ਸਾਰੀਆਂ ਨਿਯਮਿਤ ਰੇਲ ਸੇਵਾਵਾਂ ਬੰਦ ਕਰ ਦਿਤੀਆਂ  ਸਨ।