ਦਿੱਲੀ ਮੇਅਰ ਚੋਣਾਂ: 'ਆਪ' ਤੋਂ ਸ਼ੈਲੀ ਓਬਰਾਏ ਬਣੇ ਦਿੱਲੀ ਨਗਰ ਨਿਗਮ ਦੇ ਨਵੇਂ ਮੇਅਰ
ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਨਾਲ ਹਰਾਇਆ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਦਿੱਲੀ ਦੀ ਨਵੀਂ ਮੇਅਰ ਚੁਣੀ ਗਈ ਹੈ। ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿਚ ਸ਼ੈਲੀ ਓਬਰਾਏ ਨੂੰ 150 ਅਤੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ। ਦਿੱਲੀ ਦੇ ਮੇਅਰ ਦੀ ਚੋਣ ਦੀਆਂ ਤਿੰਨ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਬੁੱਧਵਾਰ ਨੂੰ ਨਗਰ ਨਿਗਮ ਹਾਊਸ ਦੀ ਬੈਠਕ 'ਚ ਇਸ ਅਹੁਦੇ ਲਈ ਵੋਟਿੰਗ ਹੋਈ।
ਇਹ ਵੀ ਪੜ੍ਹੋ : ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ
'ਆਪ' ਨੇ 4 ਦਸੰਬਰ ਨੂੰ ਹੋਈਆਂ ਐਮਸੀਡੀ ਚੋਣਾਂ 'ਚ 134 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਸੀ, ਜਿਸ ਨਾਲ ਨਗਰ ਨਿਗਮ 'ਚ ਭਾਜਪਾ ਦੇ 15 ਸਾਲ ਪੁਰਾਣੇ ਸ਼ਾਸਨ ਨੂੰ ਖਤਮ ਕੀਤਾ ਗਿਆ ਸੀ। ਭਾਜਪਾ 104 ਵਾਰਡਾਂ ਵਿਚ ਜਿੱਤ ਨਾਲ ਦੂਜੇ ਸਥਾਨ ’ਤੇ ਰਹੀ। 250 ਮੈਂਬਰੀ ਨਿਗਮ ਹਾਊਸ ਵਿਚ ਕਾਂਗਰਸ ਨੇ 9 ਸੀਟਾਂ ਜਿੱਤੀਆਂ ਸਨ। ਮੇਅਰ ਚੋਣਾਂ ਵਿਚ ਪਾਰਟੀ ਦੀ ਜਿੱਤ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ।
ਇਹ ਵੀ ਪੜ੍ਹੋ : ਮਲਿਕਾਰਜੁਨ ਖੜਗੇ ਦਾ ਦਾਅਵਾ : 2024 ਵਿਚ ਬਣੇਗੀ ਕਾਂਗਰਸ ਦੀ ਸਰਕਾਰ, ਚਾਹੇ 100 ਮੋਦੀ-ਸ਼ਾਹ ਆ ਜਾਣ
ਉਹਨਾਂ ਲਿਖਿਆ, “ ਗੁੰਡੇ ਹਾਰ ਗਏ, ਜਨਤਾ ਜਿੱਤ ਗਈ। ਦਿੱਲੀ ਨਗਰ ਨਿਗਮ ਵਿਚ ਅੱਜ ਦਿੱਲੀ ਦੀ ਜਨਤਾ ਦੀ ਜਿੱਤ ਹੋਈ ਅਤੇ ਗੁੰਡਾਗਰਦੀ ਦੀ ਹਾਰ। ਸ਼ੈਲੀ ਓਬਰਾਏ ਦੇ ਮੇਅਰ ਚੁਣੇ ਜਾਣ ’ਤੇ ਦਿੱਲੀ ਦੀ ਜਨਤਾ ਨੂੰ ਵਧਾਈ”। ਇਸ ਤੋਂ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਜ਼ਰੀਏ ਪਾਰਟੀ ਵਰਕਰਾਂ ਅਤੇ ਦਿੱਲੀ ਦੀ ਜਨਤਾ ਨੂੰ ਵਧਾਈ ਦਿੱਤੀ।
ਉਧਰ 'ਆਪ' ਦੇ ਆਲੇ ਮੁਹੰਮਦ ਇਕਬਾਲ ਡਿਪਟੀ ਮੇਅਰ ਚੁਣੇ ਗਏ ਹਨ। ਉਹਨਾਂ ਨੂੰ 147 ਵੋਟਾਂ ਮਿਲੀਆਂ। ਉਹਨਾਂ ਨੇ ਭਾਜਪਾ ਦੇ ਕਮਲ ਬਾਗੜੀ (116 ਵੋਟਾਂ) ਨੂੰ ਹਰਾਇਆ ਹੈ।
ਇਹ ਵੀ ਪੜ੍ਹੋ : ਅਮਰੀਕਾ ਦੀ ਘਰੇਲੂ ਰਾਜਨੀਤੀ ਵਿਚ ਸੁਰਖੀਆਂ ਬਟੋਰ ਰਹੀ ਪੰਜਾਬ ਦੀ ਧੀ ਨਿੱਕੀ ਹੇਲੀ
ਸੁਪਰੀਮ ਕੋਰਟ ਨੇ 17 ਫਰਵਰੀ ਨੂੰ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੂੰ ਮੇਅਰ, ਡਿਪਟੀ ਮੇਅਰ ਅਤੇ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਤਰੀਕ ਤੈਅ ਕਰਨ ਲਈ ਪਹਿਲੀ ਮੀਟਿੰਗ ਬੁਲਾਉਣ ਲਈ 24 ਘੰਟਿਆਂ ਦੇ ਅੰਦਰ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਇਹ ਹੁਕਮ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਜਾਰੀ ਕੀਤੇ ਸਨ।ਦਿੱਲੀ ਵਿਚ ਬੁੱਧਵਾਰ ਨੂੰ ਮੇਅਰ ਦੇ ਅਹੁਦੇ ਲਈ ਹੋਈ ਚੋਣ ਦੇ ਮੱਦੇਨਜ਼ਰ ਅਧਿਕਾਰੀਆਂ ਵੱਲੋਂ ਨਗਰ ਨਿਗਮ ਹਾਊਸ ਦੇ ਅੰਦਰ ਅਤੇ ਸਿਵਿਕ ਸੈਂਟਰ ਕੰਪਲੈਕਸ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਦਨ ਦੇ ਚੈਂਬਰ ਵਿਚ ਔਰਤਾਂ ਸਮੇਤ ਕਈ ਨਾਗਰਿਕ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ।