ਰਾਜਸਥਾਨ ’ਚ ਦੋ ਵੱਖ-ਵੱਖ ਘਟਨਾਵਾਂ ’ਚ 8 ਬੱਚਿਆਂ ਦੀ ਮੌਤ
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੱਚਿਆਂ ਦੀ ਮੌਤ ’ਤੇ ਪ੍ਰਗਟਾਇਆ ਦੁੱਖ
ਜੈਪੁਰ: ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੇ ਉਦੈਪੁਰਵਾਟੀ ਥਾਣਾ ਖੇਤਰ ਦੇ ਚਿਰਾਨਾ ਪਿੰਡ ਅਤੇ ਬੀਕਾਨੇਰ ਜ਼ਿਲ੍ਹੇ ਦੇ ਨਾਪਾਸਰ ਥਾਣਾ ਖੇਤਰ ਦੇ ਹਿਮਤਾਸਰ ਪਿੰਡ ਵਿਚ ਖੇਡਦੇ ਸਮੇਂ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕੁੱਝ ਬੱਚਿਆਂ ਦੇ ਹਸਪਤਾਲ ਵਿਚ ਹੋਣ ਦੀ ਜਾਣਕਾਰੀ ਹੈ।
ਦਰਅਸਲ ਝੁੰਝਨੂ ਵਿਚ ਮਿੱਟੀ ਦੇ ਢੇਰ ਹੇਠ ਦੱਬ ਜਾਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦਕਿ ਇਕ ਬੱਚਾ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਇਕ ਹੋਰ ਘਟਨਾ ਵਿਚ ਬੀਕਾਨੇਰ ’ਚ ਖੇਡਦੇ ਹੋਏ ਬੱਚੇ ਕਣਕ ਦੇ ਢੋਲ ’ਚ ਬੰਦ ਹੋ ਗਏ। ਇਸ ਦੌਰਾਨ ਸਾਹ ਘੁਟਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ।
ਮ੍ਰਿਤਕਾਂ ਵਿਚ ਇਕ ਲੜਕਾ ਤੇ 4 ਲੜਕੀਆਂ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬੱਚਿਆਂ ਦੇ ਮਾਪੇ ਖੇਤਾਂ ਵਿਚ ਕੰਮ ਕਰਨ ਲਈ ਗਏ ਹੋਏ ਸਨ। ਇਹਨਾਂ ਬੱਚਿਆਂ ਦੀ ਉਮਰ ਅੱਠ ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੱਚਿਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜ਼ਖਮੀ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।