ਚੀਨ ਤੋਂ ਆਈ ਰੈਪਿਡ ਕਿੱਟ ’ਤੇ UP ਵਿਚ ਵੀ ਸਵਾਲ, ਸਰਕਾਰ ਨੇ ਟੈਸਟਿੰਗ ’ਤੇ ਲਗਾਈ ਰੋਕ  

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਥੇ ਹਾਟਸਪਾਟ ਬਣੇ ਖੇਤਰਾਂ ਵਿਚ ਇਸ ਕਿਟ ਦੁਆਰਾ ਜਾਂਚ...

Coronavirus uttar pradesh chinese rapid testing kit no testing

ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ ਦੇਸ਼ ਵਿਚ ਲੜਾਈ ਜਾਰੀ ਹੈ। ਇਸ ਦੌਰਾਨ ਜਦੋਂ ਰੈਪਿਡ ਟੈਸਟਿੰਗ ਕਿਟ ਆਈ ਸੀ ਤਾਂ ਉਮੀਦ ਸੀ ਕਿ ਹੁਣ ਜਲਦ ਤੋਂ ਜਲਦ ਕੋਰੋਨਾ ਪੀੜਤ ਵਿਅਕਤੀ ਦੀ ਪਹਿਚਾਣ ਹੋ ਜਾਵੇਗੀ ਪਰ ਚੀਨ ਤੋਂ ਆਈਆਂ ਸਾਰੀਆਂ ਕਿੱਟਾਂ ਤੇ ਸਵਾਲ ਖੜ੍ਹਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਵਿਚ ਵੀ ਹੁਣ ਇਸ ਕਿਟ ਦੇ ਇਸਤੇਮਾਲ ’ਤੇ ਅਗਲੇ ਹੁਕਮ ਤਕ ਰੋਕ ਲਗਾ ਦਿੱਤੀ  ਗਈ ਹੈ।

ਇੱਥੇ ਹਾਟਸਪਾਟ ਬਣੇ ਖੇਤਰਾਂ ਵਿਚ ਇਸ ਕਿਟ ਦੁਆਰਾ ਜਾਂਚ ਕੀਤੀ ਜਾ ਰਹੀ ਸੀ। ਮੰਗਲਵਾਰ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਬਿਆਨ ਦਿੱਤਾ ਕਿ ਰਾਜ ਸਰਕਾਰਾਂ ਅਗਲੇ ਦੋ ਦਿਨ ਲਈ ਚੀਨ ਤੋਂ ਆਈਆਂ ਰੈਪਿਡ ਕਿਟਾਂ ਦਾ ਇਸਤੇਮਾਲ ਨਾ ਕਰਨ। ਦਸ ਦਈਏ ਕਿ ਉੱਤਰ ਪ੍ਰਦੇਸ਼ ਨੇ ਨੋਇਡਾ ਵਿਚ ਬਣੇ ਹਾਟਸਪਾਟ ਵਿਚ 100 ਸ਼ੱਕੀ ਲੋਕਾਂ ਦਾ ਟੈਸਟ ਇਸ ਕਿੱਟ ਰਾਹੀਂ ਕੀਤਾ ਗਿਆ ਸੀ ਪਰ ਉਹਨਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਇਸ ਤੋਂ ਪਹਿਲਾਂ ਰਾਜਸਥਾਨ ਤੋਂ ਜੋ 7000 ਤੋਂ ਵੱਧ ਬੱਚੇ ਵਾਪਸ ਆਏ ਹਨ ਉਹਨਾਂ ਵਿਚੋਂ ਜ਼ਿਆਦਾ ਬੱਚਿਆਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਸਿਰਫ ਕੋਟਾ ਤੋਂ ਗਾਜੀਪੁਰ ਵਾਪਸ ਆਏ ਇਕ ਵਿਦਿਆਰਥੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਜਿਹੇ ਵਿਚ ਚੀਨ ਤੋਂ ਆਈਆਂ ਰੈਪਿਡ ਕਿੱਟਾਂ ਦੀ ਸਫ਼ਲਤਾ ’ਤੇ ਸਵਾਲ  ਖੜ੍ਹਾ ਹੋ ਰਿਹਾ ਹੈ ਇਹੀ ਕਾਰਨ ਹੈ ਕਿ ICMR ਨੇ ਅਗਲੇ ਦੋ ਦਿਨਾਂ ਲਈ ਇਸ ਦਾ ਇਸਤੇਮਾਲ ਨਾ ਕਰਨ ਨੂੰ ਕਿਹਾ ਹੈ।

ਦਸ ਦਈਏ ਕਿ ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਮੰਗਲਵਾਰ ਨੂੰ 700 ਤੋਂ ਵਧ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਗਏ ਹਨ ਜਿਹਨਾਂ ਵਿਚੋਂ 12 ਲੋਕਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ। ਸਿਹਤ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਵਿਚ ਬੁੱਧਵਾਰ ਸਵੇਰੇ ਤਕ ਕੋਰੋਨਾ ਵਾਇਰਸ ਦੇ ਕੁੱਲ 1294 ਕੇਸ ਹੋ ਗਏ ਹਨ ਜਦਕਿ ਰਾਜ ਵਿਚ ਇਸ ਮਹਾਂਮਾਰੀ ਕਾਰਨ 20 ਲੋਕਾਂ ਦੀ ਜਾਨ ਚਲੀ ਗਈ ਹੈ।

ਉੱਤਰ ਪ੍ਰਦੇਸ਼ ਸਰਕਾਰ ਨੇ ਕਈ ਜ਼ਿਲ੍ਹਿਆਂ ਨੂੰ ਹਾਟਸਪਾਟ ਐਲਾਨਿਆ ਹੈ ਅਤੇ ਇਹਨਾਂ ਇਲਾਕਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਨਹੀਂ ਹੈ। ਮੰਗਲਵਾਰ ਨੂੰ ਹੀ ਨੋਇਡਾ ਦੇ ਡੀਐਮ ਨੇ ਦਿੱਲੀ ਨਾਲ ਲਗਦੇ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੇ ਹੁਕਮ ਦਿੱਤੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।