ਜੀਂਦ ਦੇ ਸਿਵਲ ਹਸਪਤਾਲ ‘ਚੋਂ ਕੋਰੋਨਾ ਵਾਇਰਸ ਦੇ 1710 ਟੀਕੇ ਚੋਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਰੀ ਤੋਂ ਬਾਅਦ ਜੀਂਦ ਵਿਚ ਨਹੀਂ ਬਚਿਆ ਕੋਈ ਕੋਰੋਨਾ ਦਾ ਟੀਕਾ

1710 doses of COVID19 vaccine stolen from Hospital in Jind

ਜੀਂਦ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਕੋਵਿਡ ਵੈਕਸੀਨ ਦੀ ਭਾਰੀ ਮੰਗ ਪਾਈ ਜਾ ਰਹੀ ਹੈ। ਇਸ ਦੇ ਚਲਦਿਆਂ ਹਰਿਆਣਾ ਦੇ ਜੀਂਦ ਵਿਖੇ ਸਿਵਲ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਟੀਕੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਦੇ ਪੀਪੀਸੀ ਕੇਂਦਰ ਤੋਂ ਕੋਵਿਡ ਵੈਕਸੀਨ ਦੇ 1710 ਟੀਕੇ ਚੋਰੀ ਹੋ ਗਏ।

ਪੀਪੀਸੀ ਕੇਂਦਰ ਦੇ ਇੰਚਾਰਜ ਨੇ ਦੱਸਿਆ ਕਿ ਇਹਨਾਂ ਵਿਚ ਕੋਵੀਸ਼ੀਲਡ ਦੇ 1270 ਟੀਕੇ ਅਤੇ ਕੋਵੈਕਸੀਨ ਦੇ 440 ਟੀਕੇ ਸ਼ਾਮਲ ਸਨ। ਇਸ ਦੌਰਾਨ ਕੇਂਦਰ ਤੋਂ ਕਈ ਫਾਇਲਾਂ ਵੀ ਚੋਰੀ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੇ ਤਾਲਾ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਚੋਰੀ ਤੋਂ ਬਾਅਦ ਹੁਣ ਜੀਂਚ ਵਿਚ ਇਕ ਵੀ ਟੀਕਾ ਨਹੀਂ ਬਚਿਆ।

ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੀ ਵੀਡੀਓ ਤੋਂ ਪਤਾ ਚੱਲਿਆ ਕਿ ਘਟਨਾ ਨੂੰ ਦੋ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

ਦੇਸ਼ ’ਚ ਕੋਰੋਨਾ ਵਾਇਰਸ ਦੇ ਤਿੰਨ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਪੀੜਤਾਂ ਦੀ ਗਿਣਤੀ ਵੱਧ ਕੇ  1,59,30,965 ਹੋ ਗਈ, ਜਦਕਿ 2,104 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 1,84,657 ਹੋ ਗਈ ਹੈ। ਸਿਹਤ ਮੰਤਰਾਲੇ ਦੇ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਲਾਗ ਦੇ 3,14,835 ਨਵੇਂ ਮਾਮਲੇ ਆਉਣ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 21 ਲੱਖ ਤੋਂ ਵੱਧ ਹੋ ਗਈ ਹੈ।