ਮਈ ਮਹੀਨੇ ਦੌਰਾਨ ਵੱਧ ਸਕਦੀ ਹੈ ਕਰੋਨਾ ਕੇਸਾਂ ਦੀ ਗਿਣਤੀ, ਮਾਹਿਰਾਂ ਨੇ ਦਿਤੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਉਂਦੇ ਦਿਨਾਂ ਦੌਰਾਨ ਵਧੇਰੇ ਸਾਵਧਾਨੀ ਵਰਤਣ ਦੀ ਲੋੜ

Corona Case

ਨਵੀਂ ਦਿੱਲੀ : ਦੇਸ਼ ਅੰਦਰ ਵਧਦੇ ਕਰੋਨਾ ਮਰੀਜ਼ਾਂ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ ਸਾਲ ਦੇ ਮੁਕਾਬਲੇ ਕਰੋਨਾ ਦੀ ਦੂਜੀ ਲਹਿਰ ਤਹਿਤ ਰੋਜ਼ਾਨਾ ਆ ਰਹੇ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਭਾਵੇਂ ਇਸ ਗਿਣਤੀ ਦਾ ਕਰੋਨਾ ਦੇ ਵਧੇਰੇ ਟੈਸਟਾਂ ਨਾਲ ਵੀ ਸਬੰਧ ਹੈ ਪਰ ਮਾਹਿਰਾਂ ਨੇ ਆਉਂਤੇ ਸਮੇਂ ਲਈ ਚਿਤਾਵਨੀ ਜਾਰੀ ਕਰਦਿਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਮਾਹਰਾਂ ਦਾ ਅਨੁਮਾਨ ਹੈ ਕਿ  ਅਗਲੇ 3 ਹਫ਼ਤਿਆਂ ਤਕ ਭਾਰਤ 'ਚ ਕੋਰੋਨਾ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਭਾਰਤ 'ਚ ਕੋਰੋਨਾ ਵਾਇਰਸ 11 ਤੋਂ 15 ਮਈ ਵਿਚਾਲੇ ਆਪਣੇ ਸਿਖ਼ਰ 'ਤੇ ਹੋ ਸਕਦਾ ਹੈ। ਇਸ ਦੌਰਾਨ ਦੇਸ਼ 'ਚ ਕੋਰੋਨਾ ਦੇ 33 ਤੋਂ 35 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ।

ਇਕ ਨਿਊਜ਼ ਚੈਨਲ ਨੇ ਵਿਗਿਆਨੀਆਂ ਦੇ ਮੁਲਾਂਕਣ ਦੇ ਆਧਾਰ 'ਤੇ ਲਿਖਿਆ ਹੈ ਕਿ ਕੋਰੋਨਾ ਦੀ ਹੁਣ ਤਕ ਦੀ ਸਥਿਤੀ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਤੇਲੰਗਾਨਾ 'ਚ 25-30 ਅਪ੍ਰੈਲ ਦੌਰਾਨ ਨਵੇਂ ਮਾਮਲਿਆਂ ਦੀ ਗਿਣਤੀ ਸਿਖ਼ਰ 'ਤੇ ਹੋਵੇਗੀ। ਇਸੇ ਤਰ੍ਹਾਂ ਇਕ ਤੋਂ 5 ਮਈ ਵਿਚਾਲੇ ਓਡੀਸ਼ਾ, ਕਰਨਾਟਕ ਅਤੇ ਪੱਛਮੀ ਬੰਗਾਲ ਜਦੋਂ ਕਿ 6-10 ਮਈ ਦੌਰਾਨ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ 'ਚ ਕੋਰੋਨਾ ਸਿਖ਼ਰ 'ਤੇ ਹੋਵੇਗਾ।

ਮਹਾਰਾਸ਼ਟਰ ਅਤੇ ਛੱਤੀਸਗੜ੍ਹ 'ਚ ਕੋਰੋਨਾ ਪਹਿਲਾਂ ਹੀ ਆਪਣੇ ਸਿਖ਼ਰ 'ਤੇ ਹੈ। ਇਸੇ ਤਰ੍ਹਾਂ ਬਿਹਾਰ 'ਚ ਕੋਰੋਨਾ 25 ਅਪ੍ਰੈਲ ਦੇ ਨੇੜੇ-ਤੇੜੇ ਆਪਣੇ ਸਿਖ਼ਰ 'ਤੇ ਹੋਵੇਗਾ। ਵਿਗਿਆਨੀਆਂ ਮੁਤਾਬਕ ਕੋਰੋਨਾ ਦੀ ਰਫ਼ਤਾਰ ਸਾਡੀ ਨਜ਼ਰ 'ਚ ਬਣੀ ਹੋਈ ਹੈ। ਕੋਰੋਨਾ ਦਾ ਇਨਫੈਕਸ਼ਨ ਹਰ ਦਿਨ ਵੱਧਦਾ ਜਾ ਰਿਹਾ ਹੈ। ਇਕ ਤੋਂ 5 ਮਈ ਦੌਰਾਨ ਪ੍ਰਤੀ ਦਿਨ ਲਗਭਗ 3.3 ਤੋਂ 3.5 ਲੱਖ ਨਵੇਂ ਕੋਰੋਨਾ ਪੀੜਤ ਦਿਖਾਈ ਦੇਣਗੇ, ਜਦੋਂ ਕਿ 11-15 ਮਈ ਦਰਮਿਆਨ 33-35 ਲੱਖ ਦੇ ਕਰੀਬ ਸਰਗਰਮ ਮਾਮਲਿਆਂ ਨਾਲ ਕੋਰੋਨਾ ਸਿਖ਼ਰ 'ਤੇ ਹੋਵੇਗਾ।

ਕਾਬਲੇਗੌਰ ਹੈ ਕਿ ਕੋਰੋਨਾ ਦੇ ਸ਼ੁਰੂਆਤ ਦੌਰਾਨ ਇਸ ਦੇ ਵੱਧ ਠੰਡੇ ਇਲਾਕਿਆਂ ਅੰਦਰ ਫੈਲਣ ਦੇ ਅੰਦਾਜ਼ੇ ਲਾਏ ਗਏ ਸਨ। ਉਸ ਸਮੇਂ ਭਾਰਤ ਵਰਗੇ ਦੇਸ਼, ਜਿੱਥੇ ਗਰਮੀਆਂ ਵਿਚ ਪਾਰਾ ਬਹੁਤ ਉੁਪਰ ਚਲੇ ਜਾਂਦਾ ਹੈ, ਵਿਚ ਕਰੋਨਾ ਦਾ ਪ੍ਰਕੋਪ ਗਰਮੀਆਂ ਵਿਚ ਘੱਟ ਰਹਿਣ ਦੇ ਅੰਦਾਜ਼ੇ ਲਾਏ ਗਏ ਸਨ। ਪਰ ਪਿਛਲੇ ਸਾਲ ਵਾਂਗ ਇਸ ਸਾਲ ਵੀ ਸਰਦੀਆਂ ਦੇ ਗੁਜਰਨ ਬਾਅਦ ਮਾਰਚ ਦੇ ਸ਼ੁਰੂ ਵਿਚ ਤਾਪਮਾਨ ਦੇ ਵਧਣ ਦੇ ਨਾਲ-ਨਾਲ ਕਰੋਨਾ ਕੇਸਾਂ ਵਿਚ ਆਈ ਤੇਜ਼ੀ ਨੇ ਇਸ ਮਿੱਥ ਨੂੰ ਪਿੱਛਲਪੈਰੀ ਕੀਤਾ ਹੈ।

ਕੁੱਝ ਮਾਹਿਰਾਂ ਦਾ ਵਿਚਾਰ ਹੈ ਕਿ ਭਾਰਤ ਵਿਚ ਮਾਰਚ-ਅਪ੍ਰੈਲ ਦੌਰਾਨ ਮੌਸਮ ਗਰਮੀ-ਸਰਦੀ ਦੇ ਸੁਮੇਲ ਵਾਲਾ ਹੁੰਦਾ ਹੈ। ਇਕਦਮ ਤਾਪਮਾਨ ਵਧਣ ਅਤੇ ਘਟਣ ਨਾਲ ਲੋਕਾਂ ਵਿਚ ਗਲਾ, ਖਰਾਬ, ਖੰਘ ਜ਼ੁਕਾਮ ਅਤੇ ਹੋਰ ਸਰੀਰਕ ਅਲਾਮਤਾਂ ਪਨਪਣ ਲਗਦੀਆਂ ਹਨ। ਕੁੱਝ ਮਾਹਿਰ ਇਨ੍ਹਾਂ ਦਿਨਾਂ ਦੌਰਾਨ ਕੋਰੋਨਾ ਦੇ ਵਧੇਰੇ ਪ੍ਰਕੋਪ ਨੂੰ ਵੀ ਇਸੇ ਸੰਦਰਭ ਵਿਚ ਵੇਖ ਰਹੇ ਹਨ। ਗਰਮੀ ਦੇ ਭਰ ਜੋਬਨ ਹੋਣ ਬਾਅਦ ਸਥਿਤੀ ਵਿਚ ਸੁਧਾਰ ਦੀ ਉਮੀਦ ਸੀ ਪਰ ਮਾਹਿਰਾਂ ਦੀ ਤਾਜ਼ਾ ਰਾਏ ਤੋਂ ਬਾਅਦ ਸਥਿਤੀ ਅਨਿਸਚਤਾ ਵਾਲੀ ਬਣਦੀ ਜਾਪ ਰਹੀ ਹੈ।