ਕਰੋਨਾ ਕੇਸਾਂ ਦੀ ਵਧਦੀ ਰਫ਼ਤਾਰ ਤੋਂ ਚੰਡੀਗੜ੍ਹ ਪ੍ਰਸ਼ਾਸਨ ਚਿੰਤਤ, ਕੇਂਦਰ ਕੋਲ ਲਾਈ ਮੱਦਦ ਲਈ ਗੁਹਾਰ!

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਢੁਕਵੇਂ ਪ੍ਰਬੰਧਾਂ ਸਬੰਧੀ ਵਿਚਾਰ-ਵਟਾਦਰਾ

Corona case

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੀਕਐਂਡ ਲੌਕਡਾਊਨ ਸਮੇਤ ਬਾਕੀ ਸਾਰੀਆਂ ਪਾਬੰਦੀਆਂ ਨੂੰ ਵੀ ਹੋਲੀ ਹੋਲੀ ਹਟਾਇਆ ਰਿਹਾ ਹੈ। ਇਸ ਦਰਮਿਆਨ ਕਰੋਨਾ ਕੇਸਾਂ ਦੀ ਰਫ਼ਤਾਰ ਇਕ ਵਾਰ ਥੰਮਣ ਬਾਅਦ ਹੁਣ ਮੁੜ ਤੇਜ਼ੀ ਫੜ ਰਹੀ ਹੈ, ਜਿਸ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿਤੀ ਹੈ। ਕਰੋਨਾ ਕੇਸਾਂ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਤੋਂ ਮੈਡੀਕਲ ਮਾਹਿਰਾਂ ਦੀ ਟੀਮ ਭੇਜਣ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਨੂੰ ਕੇਂਦਰ ਅਤੇ ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਸ਼ਹਿਰ 'ਚ ਵਧਦੇ ਕਰੋਨਾ ਕੇਸਾਂ 'ਤੇ ਚਿੰਤਾ ਜਾਹਰ ਕਰਦਿਆਂ ਯੂ.ਟੀ. ਪ੍ਰਸ਼ਾਸਨ ਨੇ ਕੇਂਦਰ ਸਰਕਾਰ ਨੂੰ ਸ਼ਹਿਰ 'ਚ ਮਾਹਿਰ ਟੀਮ ਭੇਜਣ ਦੀ ਅਪੀਲ ਕੀਤੀ। ਕੇਂਦਰ ਸਰਕਾਰ ਅਧਿਕਾਰੀਆਂ ਮੁਤਾਬਕ ਸ਼ਹਿਰ 'ਚ ਪਹਿਲਾਂ ਕੇਸ ਘੱਟ ਆ ਰਹੇ ਸਨ, ਜਿਨ੍ਹਾਂ 'ਚ ਅਚਾਨਕ ਵਾਧਾ ਹੋਇਆ ਹੈ।

ਕੇਂਦਰ ਸਰਕਾਰ ਨੇ ਪ੍ਰਸ਼ਾਸਨ ਨੂੰ ਇਕਾਂਤਵਾਸ ਸੈਂਟਰ ਵਧਾਉਣ ਦੇ ਨਾਲ-ਨਾਲ ਸਵੈ-ਇਕਾਂਤਵਾਸ ਹੋਏ ਲੋਕਾਂ 'ਤੇ ਵੀ ਨਜ਼ਰ ਰੱਖਣ ਲਈ ਕਿਹਾ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਲੋੜ ਪੈਣ 'ਤੇ ਇਨ੍ਹਾਂ ਇਕਾਂਤਵਾਸ ਸੈਂਟਰਾਂ ਨੂੰ ਹਸਪਤਾਲ 'ਚ ਤਬਦੀਲ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਹੋਰ ਬੁਨਿਆਦੀ ਸਹੂਲਤਾਂ ਨੂੰ ਵੀ ਚੁਸਤ-ਦਰੁਸਤ ਰੱਖਣ ਦੀ ਲੋੜ ਹੈ।

ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਪੂਰੀ ਗਿਣਤੀ 'ਚ ਬੈੱਡ ਮੌਜੂਦ ਹਨ। ਪਰ ਗੁਆਢੀ ਸੂਬਿਆਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਤੋਂ ਮਰੀਜ਼ ਵੀ ਚੰਡੀਗੜ੍ਹ ਭੇਜੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਪੀਜੀਆਈ ਨੂੰ ਹੋਰ ਬੈੱਡਾਂ ਦਾ ਪ੍ਰਬੰਧ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਤਾਂ ਜੋ ਮਰੀਜ਼ਾਂ ਦੀ ਵੱਧ ਆਮਦ ਦੀ ਸੂਰਤ 'ਚ ਹੋਣ ਵਾਲੀਆਂ ਦਿੱਕਤਾਂ ਨੂੰ ਘਟਾਇਆ ਜਾ ਸਕੇ।

ਕਾਬਲੇਗੌਰ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਲਾਗੂ ਕੀਤੀਆਂ ਜ਼ਿਆਦਾਤਰ ਪਾਬੰਦੀਆਂ ਨੂੰ ਹੋਲੀ ਹੋਲੀ ਮਨਸੂਖ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਅੰਦਰ ਬਾਹਰੀ ਬੱਸਾਂ ਦੇ ਦਾਖ਼ਲੇ 'ਤੇ ਲੱਗੀ ਪਾਬੰਦੀ ਵੀ ਹਟਾ ਦਿਤੀ ਗਈ ਹੈ। ਇਸੇ ਤਰ੍ਹਾਂ ਸੈਕਟਰ-17 ਬੱਸ ਅੱਡੇ 'ਤੇ ਲੱਗ ਰਹੀ ਆਰਜ਼ੀ ਸਬਜ਼ੀ ਮੰਡੀ ਨੂੰ ਵੀ ਸੈਕਟਰ-26 ਵਿਖੇ ਸਿਫ਼ਟ ਕੀਤਾ ਜਾ ਰਿਹਾ ਹੈ। ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਅਜੇ ਹੋਰ ਸੰਜਮ ਵਰਤਣ ਦੇ ਅਸਾਰ ਹਨ।