ਮੈਡੀਕਲ ਕਾਲਜ ਵਿਰੁਧ ਵੀਡੀਓ ਵਾਇਰਲ ਕਰਨ ਵਾਲੇ ਲੈਬ ਟੈਕਨੀਸ਼ੀਅਨ ਦੀ ਕੋਰੋਨਾ ਨਾਲ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਥੀ ਕਰਮਚਾਰੀਆਂ ਨੇ ਸੀ.ਐਮ.ਓ. ਦਫਤਰ ਸਾਹਮਣੇ ਕੀਤੀ ਨਾਅਰੇਬਾਜ਼ੀ

Lab Technician,

ਮੇਰਠ : ਮੈਡੀਕਲ ਕਾਲਜ ਦੀਆਂ ਕਮੀਆਂ ਦਾ ਵੀਡੀਓ ਵਾਇਰਲ ਕਰਨ ਵਾਲੇ ਲੈਬ ਟੈਕਨੀਸ਼ੀਅਨ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਲੈਬ ਟੈਕਨੀਸ਼ੀਅਨ ਨੇ ਮੈਡੀਕਲ ਕਾਲਜ ‘ਤੇ ਇਲਾਜ ਵਿਚ ਕੁਤਾਹੀ ਵਰਤਣ ਦੇ ਦੋਸ਼ ਲਾਏ ਸਨ। ਹੁਣ ਉਸ ਦੀ ਕਰੋਨਾ ਨਾਲ ਮੌਤ ਤੋਂ ਬਾਅਦ ਉਸ ਦੇ ਸਾਥੀ ਕਰਮਚਾਰੀਆਂ ਨੇ ਸੀ.ਐਮ.ਓ ਦਫਤਰ ਸਾਹਮਣੇ ਧਰਨਾ ਦਿੱਤਾ ਹੈ। ਮਾਮਲੇ ਦੇ ਤੁਲ ਫੜਣ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਵੀ ਸਫਾਈ ਪੇਸ਼ ਕੀਤੀ ਗਈ।

ਦਰਅਸਲ ਕੁੱਝ ਦਿਨ ਪਹਿਲਾਂ ਇਕ ਲੈਬ ਟੈਕਨੀਸ਼ੀਅਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵਲੋਂ ਸਿਹਤ ਵਿਵਸਥਾ 'ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਗਏ ਸਨ। ਵੀਡੀਓ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਸੀ ਕਿ ਉਸ ਦਾ ਇਲਾਜ ਠੀਕ ਢੰਗ ਨਹੀਂ ਕੀਤਾ ਜਾ ਰਿਹਾ । ਉਹ ਇਹ ਵੀ ਕਹਿ ਰਿਹਾ ਸੀ ਕਿ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ ।

ਉਸ ਨੇ ਇਸ ਗੱਲ 'ਤੇ ਗਿੱਲਾ ਜ਼ਾਹਿਰ ਕੀਤਾ ਸੀ ਕਿ ਜਦੋਂ ਇਕ ਹੈਲਥ ਵਰਕਰ ਨਾਲ ਅਜਿਹਾ ਵਰਤਾਓ ਸਕਦਾ ਹੈ ਤਾਂ ਦੂਜਿਆਂ ਨਾਲ ਕਿਹੋ ਜਿਹਾ ਵਿਵਹਾਰ ਹੁੰਦਾ ਹੋਵੇਗਾ। ਲੈਬ ਟੈਕਨੀਸ਼ੀਅਨ ਨੇ ਵੀਡੀਓ ਵਿਚ ਕਿਹਾ ਸੀ ਕਿ ਜੋ ਵੀ ਆਉਂਦਾ ਹੈ ਸਿਰਫ ਪਲਸ ਰੇਟ ਚੈਕ ਕਰਕੇ ਚਲਾ ਜਾਂਦਾ ਹੈ।

ਇਸ ਵਿਵਾਦ 'ਤੇ ਮੇਰਠ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਗਿਆਨੇਂਦਰ ਦਾ ਕਹਿਣਾ ਹੈ ਕਿ ਸਮਾਂ ਨਾਲ ਲੈਬ ਟੈਕਨੀਸ਼ੀਅਨ ਨੂੰ ਦਵਾਈਆਂ ਮਿਲ ਰਹੀਆਂ ਸਨ। ਕੋਵਿਡ ਦਾ ਇਲਾਜ ਕੀਤਾ ਜਾ ਰਿਹਾ ਸੀ। ਇੰਜੈਕਸ਼ਨ ਵੀ ਲਗਾਇਆ ਜਾ ਰਿਹਾ ਸੀ। ਉਨ੍ਹਾਂ ਨੇ ਕਿਸੇ ਵੀ ਲਾਪਰਵਾਹੀ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਥੇ ਹੀ ਮੇਰਠ ਦੇ ਸੀ.ਐੱਮ.ਓ. ਡਾਕਟਰ ਅਖਿਲੇਸ਼ ਮੋਹਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਵੀਡੀਓ ਵੇਖਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।