ਗੁਜਰਾਤ ਵਿਚ ਦਲਿਤ ਦੀ ਕੁੱਟ-ਕੁੱਟ ਕੇ ਹਤਿਆ, ਪੰਜ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਵਿਚ ਚੋਰ ਹੋਣ ਦੇ ਸ਼ੱਕ ਵਿਚ 35 ਸਾਲਾ ਦਲਿਤ ਵਿਅਕਤੀ ਦੀ ਕੁੱਟ-ਕੁੱਟ ਕੇ ਹਤਿਆ ਕਰਨ ਦੇ ਦੋਸ਼ ਹੇਠ ਪੰਜ ਜਣਿਆਂ ਨੂੰ ਗ੍ਰਿਫ਼ਤਾਰ...

People beating Dalit

ਰਾਜਕੋਟ, 21 ਮਈ : ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਵਿਚ ਚੋਰ ਹੋਣ ਦੇ ਸ਼ੱਕ ਵਿਚ 35 ਸਾਲਾ ਦਲਿਤ ਵਿਅਕਤੀ ਦੀ ਕੁੱਟ-ਕੁੱਟ ਕੇ ਹਤਿਆ ਕਰਨ ਦੇ ਦੋਸ਼ ਹੇਠ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਫੈਲ ਗਈ ਜਿਸ ਵਿਚ ਦਿਸ ਰਿਹਾ ਹੈ ਕਿ ਦੋ ਵਿਅਕਤੀ ਮੁਕੇਸ਼ ਵਾਨੀਆ ਨਾਮ ਦੇ ਵਿਅਕਤੀ ਨੂੰ ਡੰਡੇ ਨਾਲ ਕੁੱਟ ਰਹੇ ਹਨ ਅਤੇ ਇਕ ਹੋਰ ਵਿਅਕਤੀ ਨੇ ਉਸ ਨੂੰ ਉਸ ਦੇ ਲੱਕ ਨੂੰ ਬੰਨ੍ਹੀ ਰੱਸੀ ਨਾਲ ਘੁੱਟ ਕੇ ਫੜਿਆ ਹੋਇਆ ਹੈ। ਵੀਡੀਉ ਦੇ ਆਧਾਰ 'ਤੇ ਪੁਲਿਸ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਅਧਿਕਾਰੀ ਐਸ ਮਹਿਤਾ ਨੇ ਦਸਿਆ ਕਿ ਸ਼ਪਰ ਸ਼ਹਿਰ ਵਿਚ ਕਲ ਕੁੱਝ ਬੰਦਿਆਂ ਨੇ ਕੂੜਾ ਇਕੱਠਾ ਕਰਨ ਵਾਲੇ ਵਿਅਕਤੀ ਨੂੰ ਕੁੱਟਿਆ। ਫ਼ੈਕਟਰੀ ਮਾਲਕ ਅਤੇ ਉਸ ਦੀ ਪਤਨੀ ਨੇ ਉਸ 'ਤੇ ਚੋਰੀ ਦਾ ਇਲਜ਼ਾਮ ਲਾਇਆ। ਮਹਿਤਾ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਕਿ ਪੰਜ ਜਣਿਆਂ ਨੇ ਉਸ ਦੇ ਪਤੀ ਨੂੰ ਏਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਵੀਡੀਉ ਦੇ ਆਧਾਰ 'ਤੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਥਿਤ ਰੂਪ ਵਿਚ ਉਕਤ ਵਿਅਕਤੀ ਨੂੰ ਕੁੱਟਦੇ ਹੋਏ ਦਿਸ ਰਹੇ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਮ੍ਰਿਤਕ ਦੀ ਪਤਨੀ ਜੈਬੇਨ ਵਾਨੀਆ ਦੀ ਸ਼ਿਕਾਇਤ ਮੁਤਾਬਕ ਪੰਜ ਲੋਕਾਂ ਨੇ ਉਸ ਦੇ ਪਤੀ ਨੂੰ ਇਸ ਲਈ ਕੁੱਟਿਆ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਜੋੜੇ ਨੇ ਚੋਰੀ ਕੀਤੀ ਹੈ। ਅਧਿਕਾਰੀ ਨੇ ਦਸਿਆ ਕਿ ਮੁਕੇਸ਼ ਦੀ ਰਾਜਕੋਟ ਵਿਚ ਹਸਪਤਾਲ ਲਿਜਾਂਦੇ ਵਕਤ ਮੌਤ ਹੋ ਗਈ। ਮੁਲਜ਼ਮਾਂ ਦੀ ਪਛਾਣ ਚਿਰਾਗ ਪਟੇਲ, ਦਿਵੇਸ਼ ਪਟੇਲ, ਜੈਮੁਖੀ ਰੁਦਾੜੀਆ ਅਤੇ ਤੇਜਸ ਜਾਲਾ ਵਜੋਂ ਹੋਈ ਹੈ। (ਏਜੰਸੀ)