ਪਿਤਾ ਦੀ ਹੱਤਿਆ ਕਰਨ ਤੋਂ ਬਾਅਦ ਲੜਕੇ ਨੇ ਲਾਸ਼ ਦੇ ਕੀਤੇ ਟੁਕੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਪੁੱਤਰ ਨੇ ਜਾਇਦਾਦ ਦੇ ਲਾਲਚ ਵਿਚ ਪਹਿਲਾਂ ਅਪਣੇ ਪਿਤਾ ਦੀ ਹੱਤਿਆ ਕਰ ਦਿੱਤੀ।

Boy killed his father

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਿੱਲੀ ਦੇ ਸ਼ਾਹਗਰਾ ਜ਼ਿਲ੍ਹੇ ਵਿਚ ਇਕ ਪੁੱਤਰ ਨੇ ਜਾਇਦਾਦ ਦੇ ਲਾਲਚ ਵਿਚ ਪਹਿਲਾਂ ਅਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਉਹ ਮ੍ਰਿਤਕ ਦੇਹ ਦੇ ਟੁਕੜੇ ਕਰ ਕੇ ਉਸ ਨੂੰ ਚਾਰ ਬੈਗਾਂ ਵਿਚ ਭਰ ਕੇ ਲਿਜਾ ਰਿਹਾ ਸੀ। ਪਰ ਘਰ ਦੇ ਬਾਹਰ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਫਰਸ਼ ਬਜ਼ਾਰ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਲੜਕੇ ਨੇ ਅਪਣੇ ਪਿਤਾ ਦੀ ਹੱਤਿਆ ਕਰਕੇ ਲਾਸ਼ ਦੇ ਟੁਕੜੇ ਕਰ ਕੇ ਬੈਗ ਵਿਚ ਭਰ ਦਿੱਤੇ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਥਿਤ ਦੋਸ਼ੀ ਲੜਕੇ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਸ ਲੜਕੇ ਕੋਲੋਂ 4 ਬੈਗ ਮਿਲੇ। ਉਹਨਾਂ ਬੈਗਾਂ ਵਿਚ ਲੜਕੇ ਨੇ ਅਪਣੇ ਪਿਤਾ ਦੀ ਲਾਸ਼ ਦੇ ਟੁਕੜੇ ਰੱਖੇ ਹੋਏ ਸਨ।

ਦੋਸ਼ੀ ਲੜਕੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਅਪਣੇ ਪਿਤਾ ਸੰਦੇਸ਼ ਕੁਮਾਰ ਦੀ ਹੱਤਿਆ ਕਰ ਦਿੱਤੀ ਸੀ ਅਤੇ ਹੁਣ ਉਹ ਲਾਸ਼ ਦੇ ਟੁਕੜਿਆਂ ਨੂੰ ਟਿਕਾਣੇ ਲਗਾਉਣ ਜਾ ਰਿਹਾ ਸੀ। ਲੜਕੇ ਦੇ ਪਿਤਾ ਨੇ ਰੋਜ਼ੀ ਰੋਟੀ ਲਈ ਕਾਸਮੈਟਿਕ ਦੀ ਦੁਕਾਨ ਖੋਲੀ ਹੋਈ ਸੀ। ਮ੍ਰਿਤਕ ਦੇ ਭਰਾ-ਭੈਣ ਦਾ ਕਹਿਣਾ ਹੈ ਕਿ ਲੜਕੇ ਨੇ ਇਕ ਮਹੀਨੇ ਪਹਿਲਾਂ ਅਪਣੇ ਪਿਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਮ੍ਰਿਤਕ ਦੀ ਪਤਨੀ ਅਤੇ ਉਸਦੇ ਬੱਚੇ ਵੀ ਸ਼ਾਮਿਲ ਹਨ।

ਉਹਨਾਂ ਕਿਹਾ ਕਿ ਇਹ ਲੋਕ ਜਾਇਦਾਦ ਨੂੰ ਲੈ ਕੇ ਸੰਦੇਸ਼ ਕੁਮਾਰ ਨੂੰ ਪਰੇਸ਼ਾਨ ਕਰਦੇ ਸਨ। ਉਹਨਾਂ ਕਿਹਾ ਕਿ ਜਾਇਦਾਦ ਸਬੰਧੀ ਕੋਰਟ ਵਿਚ ਕੇਸ ਵੀ ਚੱਲ ਰਿਹਾ ਹੈ ਅਤੇ ਅੱਧੀ ਜਾਇਦਾਦ ਪਹਿਲਾਂ ਹੀ ਮ੍ਰਿਤਕ ਨੇ ਅਪਣੀ ਪਤਨੀ ਅਤੇ ਬੱਚਿਆਂ ਦੇ ਨਾਂਅ ਕਰ ਦਿੱਤੀ ਸੀ। ਇਸਦੇ ਬਾਵਜੂਦ ਵੀ ਉਹ ਉਸਦੀ ਬਚੀ ਹੋਈ ਜਾਇਦਾਦ ਨੂੰ ਵੀ ਲੈਣਾ ਚਾਹੁੰਦੇ ਸਨ। ਦੱਸ ਦਈਏ ਕਿ ਮੰਗਲਵਾਰ ਦੇਰ ਰਾਤ ਨੂੰ ਜਦੋਂ ਅਮਨ ਨਾਂਅ ਦੇ ਲੜਕੇ ਨੇ ਅਪਣੇ 4 ਦੋਸਤਾਂ ਨੂੰ ਗੱਡੀ ਲੈ ਕੇ ਬੁਲਾਇਆ ਤਾਂ ਉਸਦੇ ਪਰਿਵਾਰ ਨੇ ਉਸ ਨੂੰ ਰੰਗੇ ਹੱਥੀਂ ਫੜ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਲੜਕੇ ਅਤੇ ਗੱਡੀ ਨੂੰ ਹਿਰਾਸਤ ਵਿਚ ਲੈ ਲਿਆ।