ਧਾਰਮਿਕ ਸਥਾਨ 'ਤੇ ਜਾ ਰਹੇ ਪ੍ਰਵਾਰ ਨਾਲ ਵਾਪਰਿਆ ਸੜਕ ਹਾਦਸਾ, 5 ਜੀਆਂ ਦੀ ਹੋਈ ਮੌਤ
ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਦੇਵਰੀਆ: ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਵੱਡਾ ਹਾਦਸਾ ਵਾਪਰ ਗਿਆ। ਇਥੇ ਇੱਕ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਵਿਚ ਡਰਾਈਵਰ ਸਮੇਤ ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਜਦਕਿ 2 ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ ਅਤੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ।
ਮ੍ਰਿਤਕ ਰੁਦਰਪੁਰ ਦੇ ਰਹਿਣ ਵਾਲੇ ਸਨ। ਉਹ ਪੂਜਾ ਲਈ ਬਿਹਾਰ ਦੇ ਮੇਰਵਾ ਜਾ ਰਹੇ ਸਨ। ਮਰਨ ਵਾਲਿਆਂ ਵਿਚ 4 ਔਰਤਾਂ ਅਤੇ ਇਕ ਬੱਚਾ ਸ਼ਾਮਲ ਹੈ। ਇਹ ਹਾਦਸਾ ਮਝੌਲੀਰਾਜ-ਮੇਰਵਾ ਰੋਡ 'ਤੇ ਪਿੰਡ ਬਹਿਯਾਰੀ ਬਘੇਲ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਕਸਬਾ ਰੁਦਰਪੁਰ ਦੇ ਭਰ ਟੋਲਾ ਵਾਰਡ ਵਾਸੀ ਐਡਵੋਕੇਟ ਆਨੰਦ ਪ੍ਰਕਾਸ਼ ਮਿਸ਼ਰਾ ਦਾ ਪਰਿਵਾਰ ਬਿਹਾਰ ਦੇ ਹਰੀਰਾਮ ਬ੍ਰਹਮਾ ਅਸਥਾਨ 'ਚ ਪੂਜਾ ਕਰਨ ਜਾ ਰਿਹਾ ਸੀ ਤਾਂ ਪਿੰਡ ਬਹਿਯਾਰੀ ਬਘੇਲ ਨੇੜੇ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਬੇਕਾਊ ਹੋ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।
ਹਾਦਸੇ 'ਚ ਵਕੀਲ ਦੀ ਪਤਨੀ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਹਾਦਸਾ ਇੰਨਾ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀਆਂ।