ਮਣੀਪੁਰ ਵਿਚ ਫਿਰ ਭੜਕੀ ਹਿੰਸਾ: ਅਗਜ਼ਨੀ ਦੀਆਂ ਘਟਨਾਵਾਂ ਮਗਰੋਂ ਕਈ ਥਾਈਂ ਲੱਗਿਆ ਕਰਫਿਊ
ਭੀੜ ਨੇ ਦੋ ਘਰਾਂ ਨੂੰ ਅੱਗ ਲਗਾ ਦਿਤੀ
ਇੰਫਾਲ: ਮਣੀਪੁਰ ਦੀ ਰਾਜਧਾਨੀ ਇੰਫਾਲ ਵਿਚ ਫਿਰ ਤੋਂ ਹਿੰਸਾ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਕਈ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਦੇ ਚਲਦਿਆਂ ਕਰਫਿਊ ਲਗਾ ਦਿਤਾ ਗਿਆ। ਪੂਰਬੀ ਇੰਫਾਲ ਜ਼ਿਲ੍ਹੇ 'ਚ ਸੋਮਵਾਰ ਨੂੰ ਦੋ ਹਥਿਆਰਬੰਦ ਬਦਮਾਸ਼ਾਂ ਵਲੋਂ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਲਈ ਮਜਬੂਰ ਕੀਤਾ ਗਿਆ, ਜਿਸ ਤੋਂ ਬਾਅਦ ਇਕ ਵਾਰ ਫਿਰ ਹਿੰਸਾ ਭੜਕ ਗਈ ਅਤੇ ਭੀੜ ਨੇ ਦੋ ਘਰਾਂ ਨੂੰ ਅੱਗ ਲਗਾ ਦਿਤੀ। ਹਾਲਾਂਕਿ ਅਗਜ਼ਨੀ ਦੀ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਨੂੰ ਬਹਾਦਰੀ ਮੈਡਲ ਨਾਲ ਕੀਤਾ ਸਨਮਾਨਤ
ਭੀੜ ਨੇ ਇਕ ਬਦਮਾਸ਼ ਦੀ ਕੁੱਟਮਾਰ ਵੀ ਕੀਤੀ, ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਲਾਕੇ 'ਚ ਤਾਇਨਾਤ ਫ਼ੌਜ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਭੀੜ ਨੂੰ ਕਾਬੂ ਕਰਨ ਲਈ ਬਲ ਦੀ ਵਰਤੋਂ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਸਥਾਨਕ ਲੋਕਾਂ ਨੇ ਸੜਕ 'ਤੇ ਟਾਇਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਸਵਾਤੀ ਮਾਲੀਵਾਲ ਨੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਭੈਣ ਨੂੰ ਟ੍ਰੋਲ ਕਰਨ ਵਾਲਿਆਂ ਦੀ ਕੀਤੀ ਆਲੋਚਨਾ
ਇੰਫਾਲ ਪੂਰਬੀ ਜ਼ਿਲ੍ਹੇ 'ਚ ਪਹਿਲਾਂ ਕਰਫਿਊ 'ਚ ਢਿੱਲ ਦਿਤੀ ਗਈ ਸੀ ਪਰ ਘਟਨਾ ਤੋਂ ਬਾਅਦ ਫਿਰ ਸਖ਼ਤੀ ਕਰ ਦਿਤੀ ਗਈ। ਜ਼ਿਕਰਯੋਗ ਹੈ ਕਿ ਮਣੀਪੁਰ ਵਿਚ ਮੇਤਈ ਰਾਖਵਾਂਕਰਨ ਵਿਵਾਦ ਨੂੰ ਲੈ ਕੇ ਕਈ ਦਿਨਾਂ ਤੋਂ ਹਿੰਸਾ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।15 ਮਈ ਤਕ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 73 ਹੋ ਗਈ ਸੀ। ਦੰਗਾਕਾਰੀਆਂ ਨੇ ਇਥੇ ਕਈ ਘਰਾਂ ਨੂੰ ਅੱਗ ਹਵਾਲੇ ਕਰ ਦਿਤਾ ਸੀ।