ਕੈਪਟਨ ਖਣਨ ਮਾਫ਼ੀਆ 'ਤੇ ਲਗਾਮ ਲਾਉਣ ਨਹੀਂ ਤਾਂ ਅਸਤੀਫ਼ਾ ਦੇਣ: 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ  ਦੇ  ਰੋਪੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ.ਅਮਰਜੀਤ ਸਿੰਘ ਸੰਦੋਆ 'ਤੇ ਖਣਨ ਮਾਫ਼ੀਆ ਵਲੋਂ ਕੀਤੇ ਹਮਲੇ ਦੀ ਸਖ਼ਤ ......

Ashish Khetan

ਨਵੀਂ ਦਿੱਲੀ : ਪੰਜਾਬ  ਦੇ  ਰੋਪੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ.ਅਮਰਜੀਤ ਸਿੰਘ ਸੰਦੋਆ 'ਤੇ ਖਣਨ ਮਾਫ਼ੀਆ ਵਲੋਂ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ  ਆਸ਼ੀਸ਼ ਖੇਤਾਨ ਨੇ ਪੁਛਿਆ ਹੈ ਕਿ ਜੇ ਪੰਜਾਬ ਵਿਚ ਖੁਲ੍ਹੇਆਮ ਮਾਫ਼ੀਆ ਵਿਧਾਇਕ 'ਤੇ ਹਮਲਾ ਕਰ ਰਿਹਾ ਹੈ ਤਾਂ ਫਿਰ ਸੂਬੇ ਦੀ ਅਮਨ ਕਾਨੂੰਨ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।

ਉਨ੍ਹਾਂ ਮੰਗ ਕੀਤੀ ਕਿ  ਕੈਪਟਨ ਅਮਰਿੰਦਰ ਸਿੰਘ ਜਾਂ ਤਾਂ ਖਣਨ ਤੇ ਹੋਰ  ਮਾਫ਼ੀਆ ਨੂੰ ਨੱਥ ਪਾਉਣ ਨਹੀਂ ਤਾਂ ਨੈਤਿਕ ਆਧਾਰ 'ਤੇ ਤੁਰਤ ਅਸਤੀਫ਼ਾ ਦੇਣ। ਅੱਜ ਇਥੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੀਸ਼ ਖੇਤਾਨ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ, ਕਿ ਉਨਾਂ੍ਹ ਦੀ ਸਰਕਾਰ ਬਣਦੇ ਸਾਰ ਹੀ ਉਹ ਸੂਬੇ 'ਚੋਂ ਟਰਾਂਸਪੋਰਟ ਮਾਫ਼ੀਆ, ਡਰੱਗ ਮਾਫ਼ੀਆ, ਗੁੰਡਾ ਟੈਕਸ ਤੇ ਖਨਣ ਮਾਫ਼ੀਆਂ ਤੁਰਤ ਖ਼ਤਮ ਕਰ ਦੇਣਗੇ, ਪਰ ਕੈਟਪਨ ਸਰਕਾਰ ਬਣਨ ਦੇ ਡੇਢ ਸਾਲ ਬਾਅਦ ਵੀ ਚਾਰੋਂ ਮਾਫ਼ੀਆ ਖਤਮ ਹੋਣ ਦੀ ਬਜਾਏ

ਹੋਰ ਪ੍ਰਫੁੱਲਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਚਾਰ ਮਹੀਨੇ ਪਹਿਲਾਂ ਵੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੇ ਹਲਕੇ ਦੇ ਪਿੰਡ ਵਿਚ ਖਣਨ ਮਾਫ਼ੀਆ ਨੂੰ ਗੈਰ-ਕਾਨੂੰਨੀ ਖਣਨ ਕਰਨ ਤੋਂ ਰੋਕਿਆ ਸੀ, ਪਰ ਅੱਜ ਉਨ੍ਹਾਂ 'ਤੇ ਗਿਣੀ ਮਿੱਥੀ ਸਾਜ਼ਸ਼ ਅਧੀਨ ਹਮਲਾ ਕੀਤਾ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਵਿਧਾਇਕ ਹੀ ਸੁਰੱਖਿਆ ਨਹੀਂ।