ਕਸ਼ਮੀਰੀਆਂ ਦੀ ਪਹਿਲੀ ਤਰਜੀਹ ਆਜ਼ਾਦੀ: ਕਾਂਗਰਸੀ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਆਗੂ ਸੈਫ਼ੂਦੀਨ ਸੋਜ਼ ਨੇ ਜੰਮੂ-ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰ ਕੇ ਵਿਵਾਦ ਛੇੜ ਦਿਤਾ ਹੈ.......

Saifuddin Sausage

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਸੈਫ਼ੂਦੀਨ ਸੋਜ਼ ਨੇ ਜੰਮੂ-ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰ ਕੇ ਵਿਵਾਦ ਛੇੜ ਦਿਤਾ ਹੈ। ਸੋਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਦੀ ਪਹਿਲੀ ਤਰਜੀਹ ਆਜ਼ਾਦੀ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਕਸ਼ਮੀਰ ਦੀ ਆਜ਼ਾਦੀ ਇਸ ਨਾਲ ਜੁੜੇ ਦੇਸ਼ਾਂ ਕਾਰਲ ਸੰਭਵ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਕਸ਼ਮੀਰ ਦੇ ਲੋਕ ਪਾਕਿਸਤਾਨ ਨਾਲ ਇਸ ਦਾ ਰਲੇਵਾਂ ਨਹੀਂ ਕਰਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕਸ਼ਮੀਰ ਨਾ ਭਾਰਤ ਨਾਲ ਰਹਿਣਾ ਚਾਹੁੰਦਾ ਹੈ ਤੇ ਨਾ ਹੀ ਚਾਹੁੰਦਾ ਹੈ ਕਿ ਇਸ ਦਾ ਪਾਕਿਸਤਾਨ ਨਾਲ ਰਲੇਵਾਂ ਕਰਾਇਆ ਜਾਵੇ।

ਕਸ਼ਮੀਰ ਦੇ ਲੋਕਾਂ ਲਈ ਸ਼ਾਂਤਮਈ ਮਾਹੌਲ ਬਹੁਤ ਜ਼ਰੂਰੀ ਹੈ ਤਾਕਿ ਉਹ ਸ਼ਾਂਤੀ ਨਾਲ ਰਹਿ ਸਕਣ। ਵਿਵਾਦ ਪੈਦਾ ਹੋਣ ਮਗਰੋਂ ਸੋਜ਼ ਨੇ ਕਿਹਾ ਕਿ ਉਨ੍ਹਾਂ ਅਪਣੀ ਕਿਤਾਬ ਵਿਚ ਜਿਹੜੀਆਂ ਗੱਲਾਂ ਕਹੀਆਂ ਹਨ, ਉਹ ਉਨ੍ਹਾਂ ਦੀ ਨਿਜੀ ਰਾਏ ਹੈ ਅਤੇ ਇਨ੍ਹਾਂ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ। ਸੈਫ਼ੂਦੀਨ ਸੋਜ਼ ਨੇ ਕਿਹਾ ਕਿ ਕਿਤਾਬ ਵਿਚ ਉਨ੍ਹਾਂ ਅਪਣੀ ਨਿਜੀ ਰਾਏ ਪ੍ਰਗਟ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਲ ਪ੍ਰਯੋਗ ਨਾਲ ਕਸ਼ਮੀਰ ਮੁੱਦੇ ਦਾ ਹੱਲ ਨਹੀਂ ਹੋ ਸਕਦਾ ਸਗੋਂ ਗੱਲਬਾਤ ਤੋਂ ਹੀ ਕੋਈ ਰਸਤਾ ਨਿਕਲੇਗਾ। ਸੋਜ਼ ਨੇ ਕਿਹਾ, 'ਕਿਤਾਬ ਵਿਚ ਜਿਹੜੀਆਂ ਗੱਲਾਂ ਮੈਂ ਕਹੀਆਂ, ਉਹ ਮੇਰੀ ਨਿਜੀ ਰਾਏ ਹੈ।

ਪਾਰਟੀ ਨਾਲ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।' ਦਰਅਸਲ, ਸੋਜ਼ ਨੇ ਅਪਣੀ ਪੁਸਤਕ ਕਸ਼ਮੀਰ-ਗਲਿੰਪਸ ਆਫ਼ ਹਿਸਟਰੀ ਐਂਡ ਦ ਸਟੋਰੀ ਆਫ਼ ਸਟਰੱਗਲ' ਵਿਚ ਪਰਵੇਜ਼ ਮੁਸ਼ੱਰਫ਼ ਦੇ ਉਸ ਬਿਆਨ ਦਾ ਸਮਰਥਨ ਕੀਤਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜੇ ਵੋਟਿੰਗ ਦੀਆਂ ਸਥਿਤੀਆਂ ਹੁੰਦੀਆਂ ਹਨ ਤਾਂ ਕਸ਼ਮੀਰ ਦੇ ਲੋਕ ਭਾਰਤ ਜਾਂ ਪਾਕਿਸਤਾਨ ਨਾਲ ਜਾਣ ਦੇ ਮੁਕਾਬਲੇ ਇਕੱਲੇ ਅਤੇ ਆਜ਼ਾਦ ਰਹਿਣਾ ਪਸੰਦ ਕਰਨਗੇ।

ਯੂਪੀਏ ਸਰਕਾਰ ਵਿਚ ਮੰਤਰੀ ਰਹੇ ਸੋਜ ਨੇ ਇਹ ਵੀ ਦਾਅਵਾ ਕੀਤਾ ਕਿ ਘਾਟੀ ਵਿਚ ਮੌਜੂਦਾ ਹਾਲਾਤ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਲਈ ਸ਼ਾਂਤਮਈ ਮਾਹੌਲ ਦੀ ਸਥਾਪਨਾ ਜ਼ਰੂਰੀ ਹੈ ਜਿਸ ਨਾਲ ਇਥੋਂ ਦੇ ਲੋਕ ਸ਼ਾਂਤੀ ਨਾਲ ਰਹਿਣ ਸਕਣ। (ਏਜੰਸੀ)