ED News: ਜ਼ਮੀਨ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ; ਇਕ ਕਰੋੜ ਦੀ ਨਕਦੀ ਅਤੇ 100 ਜ਼ਿੰਦਾ ਕਾਰਤੂਸ ਬਰਾਮਦ
ਈਡੀ ਨੇ ਜ਼ਮੀਨ ਕਾਰੋਬਾਰੀ ਕਮਲੇਸ਼ ਕੁਮਾਰ ਦੇ ਘਰ ਛਾਪਾ ਮਾਰ ਕੇ ਇਕ ਕਰੋੜ ਨਕਦ ਅਤੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ
ED News: ਰਾਂਚੀ ਵਿਚ ਹੋਏ ਜ਼ਮੀਨ ਘੁਟਾਲੇ ਵਿਚ ਈਡੀ ਨੇ ਸ਼ੁੱਕਰਵਾਰ ਨੂੰ ਜ਼ਮੀਨ ਕਾਰੋਬਾਰੀ ਕਮਲੇਸ਼ ਕੁਮਾਰ ਦੇ ਘਰ ਛਾਪਾ ਮਾਰ ਕੇ ਇਕ ਕਰੋੜ ਨਕਦ ਅਤੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਅਲੀ ਦਸਤਾਵੇਜ਼ ਬਣਾ ਕੇ ਜ਼ਮੀਨਾਂ ਹੜੱਪਣ ਵਾਲੇ ਸਿੰਡੀਕੇਟ ਨਾਲ ਜੁੜੇ ਸ਼ੇਖਰ ਕੁਸ਼ਵਾਹਾ ਨੇ ਕਮਲੇਸ਼ ਕੁਮਾਰ ਵਲੋਂ ਬੀਏਯੂ ਅਤੇ ਕਾਂਕੇ ਇਲਾਕੇ ਵਿਚ ਕਈ ਥਾਵਾਂ ’ਤੇ ਜ਼ਮੀਨਾਂ ਦੇ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਜ਼ਮੀਨ ਹੜੱਪਣ ਦੀ ਸੂਚਨਾ ਦਿਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਕਮਲੇਸ਼ ਕੁਮਾਰ ਨੂੰ ਪੁੱਛਗਿੱਛ ਲਈ ਰਾਂਚੀ ਜ਼ੋਨਲ ਦਫ਼ਤਰ 'ਚ ਤਲਬ ਕੀਤਾ ਸੀ ਪਰ ਕਮਲੇਸ਼ ਫਰਾਰ ਹੋ ਗਿਆ ਸੀ।
ਸ਼ੁੱਕਰਵਾਰ ਦੁਪਹਿਰ 12 ਵਜੇ ਈਡੀ ਚਾਂਦਨੀ ਚੌਕ, ਕਾਂਕੇ ਰੋਡ ਸਥਿਤ ਐਸਟ੍ਰੋ ਗ੍ਰੀਨ ਫਲੈਟ ਪਹੁੰਚੀ। ਕਮਲੇਸ਼ ਇਸ ਤੋਂ ਪਹਿਲਾਂ ਹੀ ਉਥੋਂ ਚਲਾ ਗਿਆ ਸੀ। ਜਦੋਂ ਈਡੀ ਨੇ ਆਜ਼ਾਦ ਗਵਾਹਾਂ ਦੀ ਮੌਜੂਦਗੀ ਵਿਚ ਫਲੈਟ ਦੀ ਤਲਾਸ਼ੀ ਲਈ ਤਾਂ 1 ਕਰੋੜ ਰੁਪਏ ਨਕਦ ਅਤੇ 100 ਜ਼ਿੰਦਾ ਕਾਰਤੂਸ ਮਿਲੇ। ਜ਼ਮੀਨ ਨਾਲ ਸਬੰਧਤ ਦਸਤਾਵੇਜ਼ਾਂ ਸਮੇਤ ਕਈ ਅਹਿਮ ਸਬੂਤ ਵੀ ਮਿਲੇ ਹਨ। ਕਾਂਕੇ ਰੋਡ ਸਥਿਤ ਘਰ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਈਡੀ ਨੇ ਦੇਰ ਸ਼ਾਮ ਕਮਲੇਸ਼ ਦੇ ਚੈਸ਼ਾਇਰ ਹੋਮ ਰੋਡ ਸਥਿਤ ਘਰ 'ਤੇ ਵੀ ਛਾਪੇਮਾਰੀ ਸ਼ੁਰੂ ਕਰ ਦਿਤੀ।
ਕਾਰਤੂਸ ਬਰਾਮਦ ਹੋਣ ਤੋਂ ਬਾਅਦ ਈਡੀ ਦੇ ਸਹਾਇਕ ਡਾਇਰੈਕਟਰ ਦੇਵਵਰਤ ਝਾਅ ਨੇ ਡੀਜੀਪੀ ਅਜੈ ਕੁਮਾਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਸ਼ਾਮ ਕਰੀਬ 6 ਵਜੇ ਈਡੀ ਨੇ ਬਰਾਮਦ ਕਾਰਤੂਸ ਰਾਂਚੀ ਪੁਲਿਸ ਨੂੰ ਸੌਂਪ ਦਿਤੇ। ਈਡੀ ਦੀ ਸੂਚਨਾ 'ਤੇ ਰਾਂਚੀ ਪੁਲਿਸ ਦੀ ਟੀਮ ਵੀ ਅਪਾਰਟਮੈਂਟ 'ਤੇ ਪਹੁੰਚੀ। ਏਜੰਸੀ ਨੇ ਰਾਂਚੀ ਪੁਲਿਸ ਨੂੰ ਈਡੀ ਦੀ ਸ਼ਿਕਾਇਤ 'ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿਤੇ ਹਨ।
ਕਮਲੇਸ਼ ਇਸ ਤੋਂ ਪਹਿਲਾਂ ਕਾਂਕੇ 'ਚ ਬੀਏਯੂ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੇ ਮਾਮਲੇ 'ਚ ਜੇਲ੍ਹ ਜਾ ਚੁੱਕਾ ਹੈ। ਇਸ ਮਾਮਲੇ ਵਿਚ ਕਾਂਕੇ ਪੁਲਿਸ ਨੇ ਉਸ ਨੂੰ ਜੇਲ੍ਹ ਭੇਜ ਦਿਤਾ ਸੀ। ਜਾਣਕਾਰੀ ਅਨੁਸਾਰ ਕਮਲੇਸ਼ ਨੇ ਰਾਜ ਦੇ ਕਈ ਪੁਲਿਸ ਅਧਿਕਾਰੀਆਂ ਨੂੰ ਗੈਰ-ਮਜ਼ਰੂਆ ਜ਼ਮੀਨਾਂ ਦੇ ਦਸਤਾਵੇਜ਼ਾਂ ਵਿਚ ਹੇਰਾਫੇਰੀ ਕਰਕੇ ਜ਼ਮੀਨ ਵੀ ਵੇਚ ਦਿਤੀ ਸੀ। ਇਨ੍ਹਾਂ ਵਿਚ ਸਾਬਕਾ ਡੀਜੀਪੀ ਡੀਕੇ ਪਾਂਡੇ ਨਾਲ ਸਬੰਧਤ ਮਾਮਲਾ ਵੀ ਚਰਚਾ ਵਿਚ ਸੀ। ਕਮਲੇਸ਼ ਦੇ ਖਿਲਾਫ ਗੋਂਡਾ ਥਾਣੇ 'ਚ ਧੋਖਾਧੜੀ ਦਾ ਮਾਮਲਾ ਵੀ ਦਰਜ ਹੈ। ਈਡੀ ਨੂੰ ਸੂਚਨਾ ਮਿਲੀ ਹੈ ਕਿ ਕਮਲੇਸ਼ ਦੀ ਕਾਂਕੇ ਰਿਜ਼ੋਰਟ ਵਿਚ ਵੀ ਹਿੱਸੇਦਾਰੀ ਰਹੀ ਹੈ।
ਈਡੀ ਨੇ ਜ਼ਮੀਨ ਦੇ ਫਰਜ਼ੀ ਦਸਤਾਵੇਜ਼ ਬਣਾਉਣ ਵਾਲੇ ਸਿੰਡੀਕੇਟ ਦੇ ਪ੍ਰਿਯਰੰਜਨ ਸਹਾਏ, ਸ਼ੇਖਰ ਕੁਸ਼ਵਾਹਾ ਅਤੇ ਹੋਰ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਵਿਚ ਕਮਲੇਸ਼ ਤੋਂ ਚੈਟ ਬਰਾਮਦ ਕੀਤੇ ਸਨ। ਇਸ ਵਿਚ ਫਰਜ਼ੀ ਦਸਤਾਵੇਜ਼ਾਂ ਦੇ ਅਦਾਨ-ਪ੍ਰਦਾਨ ਦੇ ਸਬੂਤ ਮਿਲੇ ਹਨ। ਉਦੋਂ ਈਡੀ ਨੇ ਕਮਲੇਸ਼ ਨੂੰ ਸੰਮਨ ਭੇਜਿਆ ਸੀ।