ਪਤੰਜਲੀ ਦੇ ਸ਼ਰਬਤ ਵਿਚ ਮਿਲੇ ਵੱਖ-ਵੱਖ ਦਾਅਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕੀ ਏਜੰਸੀ ਯੂਐਸਐਫ਼ਡੀਏ ਕਾਰਵਾਈ ਕਰਨ ਦੀ ਤਿਆਰੀ ਵਿਚ

Different claims found in Patanjali's syrup

ਨਵੀਂ ਦਿੱਲੀ : ਅਮਰੀਕਾ ਦੀ ਸਿਹਤ ਏਜੰਸੀ ਯੂਨਾਈਟਿਡ ਸਟੇਟਸ ਫ਼ੂਡ ਐਂਡ ਡਰੱਗ ਐਡਮਿਨਿਸਟਰੇਸ਼ਨ (ਯੂਐਸਐਫ਼ਡੀਏ) ਨੇ ਕਿਹਾ ਹੈ ਕਿ ਭਾਰਤ ਵਿਚ ਵੇਚੇ ਜਾਣ ਲਈ ਤਿਆਰ ਕੀਤੇ ਗਏ ਪਤੰਜਲੀ ਦੇ ਦੋ ਸ਼ਰਬਤ ਉਤਪਾਦਾਂ 'ਤੇ ਲੱਗੇ ਲੇਬਲ ਉਤੇ 'ਔਸ਼ਧੀ ਅਤੇ ਆਹਾਰ ਸਬੰਧੀ ਜ਼ਿਆਦਾ ਦਾਅਵੇ' ਕੀਤੇ ਗਏ ਹਨ ਜਦਕਿ ਅਮਰੀਕਾ ਨੂੰ ਭੇਜੀਆਂ ਜਾਣ ਵਾਲੀਆਂ ਬੋਤਲਾਂ 'ਤੇ ਅਜਿਹੇ ਦਾਅਵੇ ਘੱਟ ਨਿਕਲੇ।

ਅਮਰੀਕੀ ਵਿਭਾਗ ਨੇ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਬਾਹਰ ਭੇਜੇ ਜਾਣ ਵਾਲੇ ਅਤੇ ਘਰੇਲੂ ਉਤਪਾਦਾਂ ਲਈ ਕੰਪਨੀ ਦੇ ਉਤਪਾਦਨ ਅਤੇ ਪੈਕੇਜਿੰਗ ਖੇਤਰ ਅਲੱਗ-ਅਲੱਗ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਖਾਧ ਸੁਰੱਖਿਆ ਕਾਨੂੰਨ ਭਾਰਤੀ ਕਾਨੂੰਨਾਂ ਦੀ ਤੁਲਨਾ ਵਿਚ ਜ਼ਿਆਦਾ ਸਖ਼ਤ ਹਨ। ਜੇ ਇਹ ਸਿੱਟਾ ਨਿਕਲਦਾ ਹੈ ਕਿ ਕੰਪਨੀ ਨੇ ਅਮਰੀਕਾ ਵਿਚ ਗ਼ਲਤ ਤਰੀਕੇ ਨਾਲ ਪ੍ਰਚਾਰ ਕਰਦਿਆਂ ਉਤਪਾਦ ਵੇਚੇ ਹਨ ਤਾਂ ਉਕਤ ਏਜੰਸੀ ਉਸ ਚੀਜ਼ ਦੀ ਦਰਾਮਦ ਬੰਦ ਕਰਨ ਲਈ ਚੇਤਾਵਨੀ ਪੱਤਰ ਜਾਰੀ ਕਰ ਸਕਦੀ ਹੈ,

ਉਸ ਉਤਪਾਦ ਦੀ ਪੂਰੀ ਖੇਪ ਨੂੰ ਜ਼ਬਤ ਕਰ ਸਕਦੀ ਹੈ, ਸੰਘੀ ਅਦਾਲਤ ਵਿਚ ਕੰਪਨੀ ਵਿਰੁਧ ਰੋਕ ਦਾ ਹੁਕਮ ਪਾਸ ਕਰਾ ਸਕਦੀ ਹੈ ਅਤੇ ਅਪਰਾਧਕ ਮੁਕੱਦਮਾ ਵੀ ਸ਼ੁਰੂ ਕਰਾ ਸਕਦੀ ਹੈ ਜਿਸ ਨਾਲ ਉਸ 'ਤੇ ਪੰਜ ਲੱਖ ਅਮਰੀਕੀ ਡਾਲਰ ਤਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ ਤਿੰਨ ਸਾਲ ਤਕ ਦੀ ਜੇਲ ਦੀ ਸਜ਼ਾ ਵੀ ਹੋ ਸਕਦੀ ਹੈ।

ਏਜੰਸੀ ਦੇ ਜਾਂਚ ਅਧਿਕਾਰੀ ਮੌਰੀਨ ਏ ਵੇਂਟਜੇਲ ਨੇ ਪਿਛਲੇ ਸਾਲ ਸੱਤ ਅਤੇ ਅੱਠ ਮਈ ਨੂੰ ਪਤੰਜਲੀ ਆਯੁਰਵੇਦ ਲਿਮਟਿਡ ਦੇ ਹਰਿਦੁਆਰ ਵਾਲੇ ਪਲਾਂਟ ਦੀ ਇਕਾਈ ਤਿੰਨ ਦਾ ਨਿਰੀਖਣ ਕੀਤਾ ਸੀ। ਵੇਂਜੇਲ ਨੇ ਅਪਣੀ ਨਿਰੀਖਣ ਰੀਪੋਰਟ ਵਿਚ ਕਿਹਾ, 'ਮੈਂ ਵੇਖਿਆ ਕਿ ਘਰੇਲੂ ਯਾਨੀ ਭਾਰਤ ਅਤੇ ਅਮਰੀਕੀ ਬਾਜ਼ਾਰਾਂ ਵਿਚ 'ਬੇਲ ਸ਼ਰਬਤ' ਅਤੇ 'ਗ਼ੁਲਾਬ ਸ਼ਰਬਤ' ਨਾਮ ਦੇ ਉਤਪਾਦ ਪਤੰਜਲੀ ਦੇ ਬ੍ਰਾਂਡ ਨਾਮ ਨਾਲ ਵੇਚੇ ਜਾ ਰਹੇ ਹਨ ਅਤੇ ਭਾਰਤੀ ਲੇਬਲ 'ਤੇ ਔਸ਼ਧੀ ਅਤੇ ਆਹਾਰ ਸਬੰਧੀ ਜ਼ਿਆਦਾ ਦਾਅਵੇ ਹਨ।' ਪਤੰਜਲੀ ਗਰੁਪ ਦੇ ਬੁਲਾਰੇ ਨੇ ਇਸ ਰੀਪੋਰਟ ਬਾਬਤ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿਤਾ।  

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ