ਔਰਤਾਂ ਵਲੋਂ ਜਬਰ ਜਨਾਹ ਦੇ ਕਾਨੂੰਨ ਨੂੰ ਹਥਿਆਰ ਵਿਰੁਧ ਹਾਈ ਕੋਰਟ ਨੇ ਦਿਤੀ ਚੇਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਆਹ ਦਾ ਭਰੋਸਾ ਸੱਚ ਹੋਣ ਦੀ ਜਾਂਚ ਰਿਸ਼ਤੇ ’ਚ ਦਾਖ਼ਲ ਹੋਣ ਤੋਂ ਪਹਿਲਾਂ ਕੀਤੀ ਜਾਵੇ, ਨਾ ਕਿ ਬਾਅਦ ’ਚ : ਹਾਈ ਕੋਰਟ

photo

 

ਨੈਨੀਤਾਲ: ਉਤਰਾਖੰਡ ਹਾਈ ਕੋਰਟ ਨੇ ਕਿਹਾ ਹੈ ਕਿ ਇਨ੍ਹੀਂ ਦਿਨੀਂ ਇਕ ਔਰਤ ਅਤੇ ਉਸ ਦੇ ਮਰਦ ਸਾਥੀ ਵਿਚਕਾਰ ਝਗੜਾ ਹੋਣ ’ਤੇ ਔਰਤਾਂ ਵਲੋਂ ਆਈ.ਪੀ.ਸੀ. ਦੀ ਧਾਰਾ 376 ਹੇਠ ਜਬਰ ਜਨਾਹ ਲਈ ਸਜ਼ਾ ਦੇਣ ਵਾਲੇ ਕਾਨੂੰਨ ਦਾ ਇਕ ਹਥਿਆਰ ਵਾਂਗ ਪ੍ਰਯੋਗ ਕੀਤਾ ਜਾ ਰਿਹਾ ਹੈ। ਜਸਟਿਸ ਸ਼ਰਦ ਕੁਮਾਰ ਸ਼ਰਮਾ ਦੀ ਸਿੰਗਲ ਬੈਂਚ ਨੇ ਇਹ ਟਿਪਣੀ ਇਕ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ, ਜਿਸ ’ਚ ਇਕ ਔਰਤ ਨੇ ਅਪਣੇ ਸਾਬਕਾ ਸਾਥੀ ਵਲੋਂ ਉਸ ਨਾਲ ਵਿਆਹ ਕਰਵਾਉਣ ਤੋਂ ਇਤਰਾਜ਼ ਕਰਨ ਮਗਰੋਂ ਉਸ ’ਤੇ ਜਬਰ ਜਨਾਹ ਦਾ ਦੋਸ਼ ਲਾਇਆ ਸੀ।

ਇਹ ਵੀ ਪੜ੍ਹੋ: ਅਬੋਹਰ 'ਚ ਪਾਣੀ ਵਾਲੀ ਮੋਟਰ ਤੋਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਹੋਈ ਮੌਤ  

ਸੁਪਰੀਮ ਕੋਰਟ ਨੇ ਵੀ ਵਾਰ-ਵਾਰ ਇਸ ਗੱਲ ਨੂੰ ਦੁਹਰਾਇਆ ਹੈ ਕਿ ਇਕ ਧਿਰ ਦੇ ਵਿਆਹ ਤੋਂ ਮੁਕਰ ਜਾਣ ਦੀ ਸਥਿਤੀ ’ਚ ਬਾਲਗਾਂ ਵਿਚਕਾਰ ਆਪਸੀ ਸਹਿਮਤੀ ਨਾਲ ਬਣਾਏ ਸਰੀਰਕ ਸਬੰਧਾਂ ਨੂੰ ਜਬਰ ਜਨਾਹ ਨਹੀਂ ਕਰਾਰ ਦਿਤਾ ਜਾ ਸਕਦਾ। ਉੱਤਰਾਖੰਡ ਹਾਈ ਕੋਰਟ ਨੇ ਟਿਪਣੀ ਕੀਤੀ ਹੈ ਕਿ ਔਰਤਾਂ ਝਗੜਾ ਹੋਣ ਸਮੇਤ ਹੋਰ ਕਾਰਨਾਂ ਨੂੰ ਲੈ ਕੇ ਇਸ ਕਾਨੂੰਨ ਦਾ ਅਪਣੇ ਮਰਦ ਸਾਥੀਆਂ ਵਿਰੁਧ ਧੜੱਲੇ ਨਾਲ ਦੁਰਉਪਯੋਗ ਕਰ ਰਹੀਆਂ ਹਨ। ਜਸਟਿਸ ਸ਼ਰਮਾ ਨੇ ਇਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਥਿਤ ਤੌਰ ’ਤੇ ਜਿਨਸੀ ਸਬੰਧ ਬਣਾਉਣ ਦੇ ਦੋਸ਼ੀ ਵਿਅਕਤੀ ਵਿਰੁਧ ਅਪਰਾਧਕ ਕਾਰਵਾਈ ਰੱਦ ਕਰਦਿਆਂ ਪੰਜ ਜੁਲਾਈ ਨੂੰ ਇਹ ਟਿਪਣੀ ਕੀਤੀ।

ਇਹ ਵੀ ਪੜ੍ਹੋ: ਇਟਲੀ 'ਚ ਅਸਮਾਨ ਤੋਂ ਡਿੱਗੇ ਟੈਨਿਸ ਬਾਲ ਦੇ ਆਕਾਰ ਦੇ ਗੜੇ, 100 ਤੋਂ ਵੱਧ ਲੋਕ ਜ਼ਖ਼ਮੀ

ਔਰਤ ਨੇ 30 ਜੂਨ, 2020 ਨੂੰ ਸ਼ਿਕਾਇਤ ਦਾਇਰ ਕਰ ਕੇ ਕਿਹਾ ਸੀ ਕਿ ਮੁਲਜ਼ਮ ਮਨੋਜ ਕੁਮਾਰ ਆਰੀਆ ਉਸ ਨਾਲ 2005 ਤੋਂ ਆਪਸੀ ਸਹਿਮਤੀ ਨਾਲ ਜਿਨਸੀ ਸਬੰਧ ਬਣਾ ਰਿਹਾ ਸੀ। ਸ਼ਿਕਾਇਤ ਅਨੁਸਾਰ ਦੋਹਾਂ ਨੇ ਇਕ-ਦੂਜੇ ਨਾਲ ਵਾਅਦਾ ਕੀਤਾ ਸੀ ਕਿ ਜਿਉਂ ਹੀ ਉਨ੍ਹਾਂ ’ਚੋਂ ਕਿਸੇ ਇਕ ਨੂੰ ਨੌਕਰੀ ਮਿਲ ਜਾਵੇਗੀ, ਉਹ ਵਿਆਹ ਕਰ ਲੈਣਗੇ। ਸ਼ਿਕਾਇਤ ਮੁਤਾਬਕ ਵਿਆਹ ਦੇ ਵਾਅਦੇ ਤਹਿਤ ਹੀ ਮੁਲਜ਼ਮ ਅਤੇ ਸ਼ਿਕਾਇਤਕਰਤਾ ਨੇ ਸਰੀਰਕ ਸਬੰਧ ਸਥਾਪਤ ਕੀਤੇ ਸਨ, ਪਰ ਮੁਲਜ਼ਮ ਨੇ ਬਾਅਦ ’ਚ ਦੂਜੀ ਔਰਤ ਨਾਲ ਵਿਆਹ ਕਰ ਲਿਆ ਅਤੇ ਇਸ ਤੋਂ ਬਾਅਦ ਵੀ ਉਨ੍ਹਾਂ ਦਾ ਰਿਸ਼ਤਾ ਜਾਰੀ ਰਿਹਾ।

ਹਾਈ ਕੋਰਟ ਨੇ ਟਿਪਣੀ ਕੀਤੀ, ‘‘ਮੁਲਜ਼ਮ ਵਿਅਕਤੀ ਦੇ ਪਹਿਲਾਂ ਤੋਂ ਵਿਆਹੁਤਾ ਹੋਣ ਦੀ ਜਾਣਕਾਰੀ ਹੋਣ ਮਗਰੋਂ ਵੀ ਜਦੋਂ ਸ਼ਿਕਾਇਤਕਰਤਾ ਨੇ ਅਪਣੀ ਇੱਛਾ ਨਾਲ ਸਬੰਧ ਕਾਇਮ ਕੀਤੇ ਤਾਂ ਉਸ ’ਚ ਸਹਿਮਤੀ ਦਾ ਤੱਤ ਖ਼ੁਦ ਹੀ ਸ਼ਾਮਲ ਹੋ ਜਾਂਦਾ ਹੈ।’’ ਅਦਾਲਤ ਨੇ ਕਿਹਾ ਕਿ ਵਿਆਹ ਦਾ ਭਰੋਸਾ ਸੱਚ ਹੋਣ ਦੀ ਜਾਂਚ ਆਪਸੀ ਸਹਿਮਤੀ ਨਾਲ ਕਿਸੇ ਰਿਸ਼ਤੇ ’ਚ ਦਾਖ਼ਲ ਹੋਣ ਦੇ ਸ਼ੁਰੂਆਤੀ ਪੜਾਅ ’ਚ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਸ ਤੋਂ ਬਾਅਦ ਦੇ ਪੜਾਅ ’ਚ।
ਹਾਈ ਕੋਰਟ ਨੇ ਕਿਹਾ ਕਿ ਸ਼ੁਰੂਆਤੀ ਪੜਾਅ ਉਸ ਹਾਲਤ ’ਚ ਨਹੀਂ ਮੰਨਿਆ ਜਾ ਸਕਦਾ ਜਦੋਂ ਰਿਸ਼ਤਾ 15 ਸਾਲ ਲੰਮਾ ਚਲਿਆ ਹੋਵੇ ਅਤੇ ਇਥੋਂ ਤਕ ਕਿ ਮੁਲਜ਼ਮ ਦੇ ਵਿਆਹ ਤੋਂ ਬਾਅਦ ਵੀ ਜਾਰੀ ਰਿਹਾ ਹੋਵੇ।