ਬਿਹਾਰ 'ਚ ਮਹਾਦਲਿਤ ਮਹਿਲਾ ਨੂੰ ਜ਼ਿੰਦਾ ਜਲਾਉਣ ਦੇ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਨਾਲੰਦਾ ਜਿਲ੍ਹੇ ਦੇ ਗਿਰਿਅਕ ਥਾਣਾ ਮੁਤਾਬਕ ਪੂਰਨ ਬਿਗਹਾ ਪਿੰਡ ਵਿਚ 20 ਅਗਸਤ ਦੀ ਰਾਤ ਇਕ ਮਹਾਦਲਿਤ ਮਹਿਲਾ ਨੂੰ ਜ਼ਿੰਦਾ ਜਲਾਉਣ ਦੇ ਇਲਜ਼ਾਮ ਵਿਚ ਪੁਲਿਸ ਨੇ...

Main accused arrested for burning a Mahadalit woman

ਨਾਲੰਦਾ : ਬਿਹਾਰ ਦੇ ਨਾਲੰਦਾ ਜਿਲ੍ਹੇ ਦੇ ਗਿਰਿਅਕ ਥਾਣਾ ਮੁਤਾਬਕ ਪੂਰਨ ਬਿਗਹਾ ਪਿੰਡ ਵਿਚ 20 ਅਗਸਤ ਦੀ ਰਾਤ ਇਕ ਮਹਾਦਲਿਤ ਮਹਿਲਾ ਨੂੰ ਜ਼ਿੰਦਾ ਜਲਾਉਣ ਦੇ ਇਲਜ਼ਾਮ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਪ੍ਰਧਾਨ ਸੁਧੀਰ ਕੁਮਾਰ ਪੋਰਿਕਾ ਨੇ ਪਾਵਾਪੁਰੀ ਥਾਣੇ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਮਹਿਲਾ ਦੇ ਬਿਆਨ 'ਤੇ ਮੁੱਖ ਦੋਸ਼ੀ ਰੰਜੀਤ ਚੌਧਰੀ ਨੂੰ ਗ੍ਰਿਫ਼ਤਾਰ ਕਰ ਪੁਲਿਸ ਉਸ ਤੋਂ ਪੁੱਛਗਿਛ ਕਰ ਰਹੀ ਹੈ। ਹਾਲਾਂਕਿ ਪਿੰਡ ਵਾਲਿਆਂ ਦੇ ਮੁਤਾਬਕ ਅਪਣੇ ਪਤੀ ਨਾਲ ਝਗੜੇ ਕਾਰਨ ਉਸ ਨੇ ਅਪਣੇ ਸਰੀਰ 'ਤੇ ਮਿੱਟੀ ਦਾ ਤੇਲ ਛਿੜਕ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। 

ਉਨ੍ਹਾਂ ਨੇ ਦੱਸਿਆ ਕਿ ਮਹਿਲਾ ਦੇ ਬਿਆਨ 'ਤੇ ਰੰਜੀਤ ਚੌਧਰੀ ਤੋਂ ਇਲਾਵਾ ਜਿਨ੍ਹਾਂ ਹੋਰ ਚਾਰ ਲੋਕਾਂ ਦੇ ਵਿਰੁਧ ਐਫਆਈਆਰ ਦਰਜ ਕੀਤੀ ਗਈ ਹੈ ਉਨ੍ਹਾਂ ਵਿਚ ਦੀਨਾ ਮਾਂਝੀ, ਸੁਨੈਨਾ ਦੇਵੀ, ਰਾਮ ਦੇਵ ਮਾਂਝੀ ਅਤੇ ਗੁੱਡੂ ਮਾਂਝੀ ਸ਼ਾਮਿਲ ਹਨ। ਪੁਲਿਸ ਮੁਖੀ ਨੇ ਦੱਸਿਆ ਕਿ ਪਿੰਡ ਵਾਲਿਆਂ ਦੇ ਮੁਤਾਬਕ ਮਹਿਲਾ ਦੇ ਪਤੀ ਸ਼ੰਕਰ ਮਾਂਝੀ ਦੇ 20 ਅਗਸਤ ਦੀ ਰਾਤ ਲੱਗਭੱਗ 11 ਵਜੇ ਕੰਮ ਕਰਨ ਜਿਲ੍ਹੇ ਤੋਂ ਬਾਹਰ ਜਾਣ ਲਈ ਨਿਕਲਣ ਦੇ ਸਮੇਂ ਉਹ ਨਾਲ ਜਾਣ ਦੀ ਜ਼ਿੱਦ ਕਰਨ ਲੱਗੀ ਅਤੇ ਨਾਲ ਨਾ ਲਿਜਾਣ 'ਤੇ ਮਿੱਟੀ ਦਾ ਤੇਲ  ਛਿੜਕ ਕੇ ਆਤਮਹੱਤਿਆ ਕਰ ਲੈਣ ਦੀ ਧਮਕੀ ਅਪਣੇ ਪਤੀ ਨੂੰ ਦੇਣ ਲੱਗੀ।

ਉਨ੍ਹਾਂ ਨੇ ਦੱਸਿਆ ਕਿ ਇਸ ਧਮਕੀ ਦੇ ਬਾਵਜੂਦ ਉਸ ਦੇ ਪਤੀ ਦੇ ਘਰ ਤੋਂ ਬਾਹਰ ਨਿਕਲ ਜਾਣ 'ਤੇ ਉਸ ਨੇ ਅਪਣੇ ਉਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਲਈ। ਪੁਲਿਸ ਮੁਖੀ ਪੋਰਿਕਾ ਨੇ ਦੱਸਿਆ ਕਿ ਮਹਿਲਾ ਦੇ ਚੀਖਣ ਦੀ ਆਵਾਜ਼ ਸੁਣ ਕੇ ਰੰਜੀਤ ਚੌਧਰੀ ਸਮੇਤ ਗੁਆਂਢ ਦੇ ਲੋਕਾਂ ਨੇ ਉਸ ਦੇ ਘਰ ਪਹੁੰਚ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਰੰਜੀਤ ਦੇ ਦੋਹੇਂ ਹੱਥ ਵੀ ਝੁਲਸ ਗਏ। 

ਪੁਲਿਸ ਮੁਖੀ ਨੇ ਦੱਸਿਆ ਕਿ ਜ਼ਖ਼ਮੀ ਮਹਿਲਾ ਨੂੰ ਬਿਹਤਰ ਇਲਾਜ ਲਈ ਪਟਨਾ ਸਥਿਤ ਰੁਬਨ ਹਸਪਤਾਲ ਭੇਜਿਆ ਗਿਆ ਹੈ। ਮਹਿਲਾ ਦਾ ਸਰੀਰ 80 ਫ਼ੀ ਸਦੀ ਤੱਕ ਸੜ ਚੁੱਕਿਆ ਹੈ। ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕਿ ਰੰਜੀਤ ਨੇ ਉਸ ਦੇ ਘਰ ਵਿਚ ਜਬਰਨ ਵੜ ਕੇ ਅਪਣੇ ਚਾਰ ਹੋਰ ਸਾਥੀਆਂ ਦੀ ਮਦਦ ਨਾਲ ਉਸ ਦੇ ਨਾਲ ਸਰੀਰਕ ਸਬੰਧ ਬਣਾਉਣਾ ਚਾਹਿਆ ਅਤੇ ਉਸ ਦੇ ਵਲੋਂ ਰੌਲਾ ਪਾਉਣ 'ਤੇ ਉਸ ਨੂੰ ਜ਼ਿੰਦਾ ਜਲਾਉਣ ਲਈ ਸਰੀਰ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਉਣ ਤੋਂ ਬਾਅਦ ਉਥੇ ਤੋਂ ਫਰਾਰ ਹੋ ਗਿਆ। ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।