ਗੰਗਾ 'ਚ ਵਿਲੀਨ ਹੋਏ ਅਟਲ ਬਿਹਾਰੀ ਵਾਜਪਾਈ
ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਾਪਾਈ ਦੀਆਂ ਅਸਥੀਆਂ ਗੰਗਾ ਵਿਚ ਜਲ ਪ੍ਰਵਾਹ ਕਰ ਦਿਤੀਆਂ ਗਈਆਂ ਹਨ। ਐਤਵਾਰ ਨੂੰ ਅਟਲ ਬਿਹਾਰੀ ਵਾਜਪਾਈ ...
ਹਰਿਦੁਆਰ : ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਾਪਾਈ ਦੀਆਂ ਅਸਥੀਆਂ ਗੰਗਾ ਵਿਚ ਜਲ ਪ੍ਰਵਾਹ ਕਰ ਦਿਤੀਆਂ ਗਈਆਂ ਹਨ। ਐਤਵਾਰ ਨੂੰ ਅਟਲ ਬਿਹਾਰੀ ਵਾਜਪਾਈ ਦੀ ਬੇਟੀ ਨਮਿਤਾ ਅਤੇ ਦੋਹਤੀ ਨਿਹਾਰਿਕਾ ਨੇ ਉਨ੍ਹਾਂ ਦੀਆਂ ਅਸਥੀਆਂ ਹਰਿਦੁਆਰ ਦੀ ਹਰ ਦੀ ਪੌੜੀ ਦੀ ਘਾਟ ਦੇ ਬ੍ਰਹਮਕੁੰਡ ਵਿਚ ਜਲਪ੍ਰਵਾਹ ਕੀਤੀਆਂ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਘਾਟ 'ਤੇ ਹਾਜ਼ਰ ਸਨ।
ਇਸ ਤੋਂ ਪਹਿਲਾਂ ਦੋ ਕਿਲੋਮੀਟਰ ਦੀ ਅਸਥੀ ਕਲਸ਼ ਯਾਤਰਾ ਵੀ ਕੱਢੀ ਗਈ। ਇਹ ਯਾਤਰਾ ਹਰਿਦੁਆਰ ਦੇ ਭੱਲਾ ਗਰਾਊਂਡ ਤੋਂ ਸ਼ੁਰੂ ਹੋ ਕੇ ਹਰ ਕੀ ਪੌੜੀ ਘਾਟ 'ਤੇ ਖ਼ਤਮ ਹੋਈ। ਕਲਸ਼ ਯਾਤਰਾ ਤੋਂ ਲੈ ਕੇ ਹਰ ਕੀ ਪੌੜੀ ਘਾਟ 'ਤੇ ਅਟਲ ਦੀਆਂ ਅਸਥੀਆਂ ਜਲ ਪ੍ਰਵਾਹ ਪ੍ਰਵਾਹ ਦੌਰਾਨ ਭਾਰੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਵੀ ਮੌਜੂਦ ਰਹੇ। ਲੋਕਾਂ ਨੇ ਨਮ ਅੱਖਾਂ ਨਾਲ ਅਪਣੇ ਨੇਤਾ ਨੂੰ ਵਿਦਾਈ ਦਿਤੀ। ਅਟਲ ਦੇ ਪਰਵਾਰ ਨੇ ਐਤਵਾਰ ਸਵੇਰੇ ਦਿੱਲੀ ਦੇ ਸਮ੍ਰਿਤੀ ਸਥਾਨ ਜਾ ਕੇ ਉਨ੍ਹਾਂ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਫਿਰ ਦੁਪਹਿਰ ਨੂੰ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਦੇਹਰਾਦੂਨ ਅਤੇ ਫਿਰ ਹਰਿਦੁਆਰ ਲਿਆਂਦਾ ਗਿਆ।
ਅਟਲ ਦੀਆਂ ਅਸਥੀਆਂ ਦਾ ਜਲ ਪ੍ਰਵਾਹ ਦੇਸ਼ ਦੀਆਂ 100 ਹੋਰ ਪਵਿੱਤਰ ਨਦੀਆਂ ਵਿਚ ਵੀ ਕੀਤਾ ਜਾਵੇਗਾ। ਭਾਜਪਾ ਨੇ ਹਾਲ ਹੀ ਵਿਚ ਇਕ ਸੂਚੀ ਜਾਰੀ ਕੀਤੀ ਸੀ, ਜਿਸ ਵਿਚ 15 ਦਿਨਾਂ ਦੇ ਪ੍ਰੋਗਰਾਮ ਦਾ ਵੇਰਵਾ ਹੈ। ਉਸ ਵਿਚ ਜਾਣਕਾਰੀ ਦਿਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀਆਂ ਅਸਥੀਆਂ ਕਿਹੜੀਆਂ-ਕਿਹੜੀਆਂ ਨਦੀਆਂ ਵਿਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਅਤੇ ਕਿਥੇ-ਕਿਥੇ ਉਨ੍ਹਾਂ ਨੂੰ ਲੈ ਕੇ ਸ਼ਰਧਾਂਜਲੀ ਸਮਾਗਮਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਰਿਪੋਰਟਾਂ ਦੇ ਮੁਤਾਬਕ ਮਰਹੂਮ ਪ੍ਰਧਾਨ ਮੰਤਰੀ ਦੀ ਯਾਦ ਵਿਚ ਸਾਰੇ ਰਾਜਾਂ ਵਿਚ 10-15 ਦਿਨਾਂ ਤਕ ਸਮੂਹਕ ਸ਼ਰਧਾਂਜਲੀ ਸਮਾਗਮਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ 20 ਅਗੱਸਤ ਨੂੰ ਦਿੱਲੀ ਤੋਂ ਹੋਵੇਗੀ। ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਸ਼ਾਮ ਚਾਰ ਵਜੇ ਤੋਂ ਛੇ ਵਜੇ ਤਕ ਕੇ ਡੀ ਜਾਧਵ ਭਵਨ ਵਿਚ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸਾਰੀਆਂ ਪਾਰਟੀਆਂ ਦੇ ਨੇਤਾ ਸ਼ਾਮਲ ਹੋਣਗੇ। ਭਾਜਪਾ ਦੇ ਬੁਲਾਰੇ ਭੁਪੇਂਦਰ ਯਾਦਵ ਨੇ ਕਿਹਾ ਸੀ ਕਿ ਅਟਲ ਜੀ ਦਾ ਲਖਨਊ ਨਾਲ ਕਾਫ਼ੀ ਲਗਾਅ ਸੀ, ਇਸ ਲਈ 23 ਅਗੱਸਤ ਨੂੰ ਉਥੇ ਵੀ ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ।
ਇਸ ਸਮਾਗਮ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਰਾਜਨਾਥ ਸਿੰਘ ਅਤੇ ਅਟਲ ਬਿਹਾਰੀ ਵਾਜਪਾਈ ਦੇ ਪਰਵਾਰਕ ਮੈਂਬਰ ਸ਼ਾਮਲ ਹੋਣਗੇ। ਉਨ੍ਹਾਂ ਦੀ ਰਾਖ਼ ਉਸੇ ਦਿਨ ਗੋਮਤੀ ਨਦੀ ਵਿਚ ਪ੍ਰਵਾਹ ਕੀਤੀ ਜਾਵੇਗੀ। ਦਸ ਦਈਏ ਕਿ ਵਾਜਪਾਈ ਦਾ ਵੀਰਵਾਰ ਨੂੰ ਏਮਸ ਵਿਚ 93 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਸ਼ੁਕਰਵਾਰ ਨੂੰ ਸਮ੍ਰਿਤੀ ਸਥਲ 'ਤੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ।