ਸੀਵਰੇਜ਼ ਦੀ ਸਫ਼ਾਈ ਕਰਦਿਆਂ 5 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ-ਦੂਜੇ ਦੀ ਮਦਦ ਲਈ ਵਾਰੋ-ਵਾਰੀ ਗਟਰ ਅੰਦਰ ਗਏ ਸਨ, ਪਰ ਵਾਪਸ ਨਾ ਪਰਤੇ

Ghaziabad: Five Sanitation Worker Die Cleaning Sewer in Nandgram

ਗਾਜਿਆਬਾਦ : ਗਾਜਿਆਬਾਦ ਦੇ ਨੰਦਗ੍ਰਾਮ 'ਚ ਸੀਵਰੇਜ਼ ਦੀ ਸਫ਼ਾਈ ਦੌਰਾਨ 5 ਲੋਕਾਂ ਦੀ ਮੌਤ ਹੋ ਗਈ। ਪੰਜਾਂ ਦੀ ਦਮ ਘੁਟਣ ਕਾਰਨ ਮੌਤ ਹੋਈ ਹੈ। ਇਹ ਘਟਨਾ ਸਿਹਾਨੀ ਗੇਟ ਥਾਣਾ ਖੇਤਰ ਦੇ ਕ੍ਰਿਸ਼ਣਾ ਕੁੰਜ ਇਲਾਕੇ 'ਚ ਵਾਪਰੀ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ।

ਜਾਣਕਾਰੀ ਮੁਤਾਬਕ ਇਹ ਲੋਕ ਕਿਸੇ ਠੇਕੇਦਾਰ ਦੇ ਕਹਿਣ 'ਤੇ ਸੀਵਰੇਜ਼ ਲਾਈਨ 'ਚ ਸਫ਼ਾਈ ਲਈ ਉਤਰੇ ਸਨ। ਸੀਵਰੇਜ਼ ਲਾਈਨ 'ਚ ਪਹਿਲਾਂ ਇਕ ਸਫ਼ਾਈ ਮੁਲਾਜ਼ਮ ਗਿਆ ਸੀ। ਉਹ ਬਾਹਰ ਨਹੀਂ ਆਇਆ ਤਾਂ ਦੂਜਾ ਗਿਆ। ਫਿਰ ਦੋਵੇਂ ਬਾਹਰ ਨਹੀਂ ਆਏ ਤਾਂ ਤੀਜਾ ਗਿਆ। ਇੰਜ ਕਰਦਿਆਂ ਕੁਲ 5 ਲੋਕ ਸੀਵਰੇਜ਼ ਅੰਦਰ ਗਏ ਅਤੇ ਸਾਰਿਆਂ ਦੀ ਮੌਤ ਹੋ ਗਈ। 

ਹਾਦਸੇ ਤੋਂ ਬਾਅਦ ਸੀਵਰੇਜ਼ ਲਾਈਨ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਹਸਪਤਾਲ ਪੁੱਜੇ।

ਅੰਕੜਿਆਂ ਮੁਤਾਬਕ ਦੇਸ਼ ਵਿਚ ਹਰ ਪੰਜ ਦਿਨ 'ਚ ਇਕ ਮਜ਼ਦੂਰ ਦੀ ਜਾਨ ਸੀਵਰੇਜ਼ ਦੀ ਸਫ਼ਾਈ ਦੌਰਾਨ ਹੁੰਦੀ ਹੈ। ਦੇਸ਼ ਦੇ ਕਈ ਸੂਬਿਆਂ 'ਚ ਸੀਵਰੇਜ਼ ਦੀ ਸਫ਼ਾਈ ਦੌਰਾਨ ਮੁਲਾਜ਼ਮਾਂ ਦੀ ਮੌਤ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਦਿੱਲੀ ਦੇ ਲਾਜਪਤ ਨਗਰ, ਘਿਟੋਰਨੀ, ਆਨੰਦ ਵਿਹਾਰ, ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ, ਮੁੰਡਕਾ, ਜਹਾਂਗੀਰਪੁਰੀ, ਬੁਰਾੜੀ ਦੇ ਨੇੜੇ ਝੜੋਦਾ ਪਿੰਡ, ਰਾਜੌਰੀ ਗਾਰਡਨ ਅਤੇ ਰੋਹਿਣੀ ਦੇ ਪ੍ਰੇਮ ਨਗਰ ਖੇਤਰ 'ਚ 2017 ਤੋਂ 2019 ਦੌਰਾਨ 18 ਮੌਤਾਂ ਹੋਈਆਂ। ਹਰਿਆਣਾ 'ਚ ਇਸ ਦੌਰਾਨ 8 ਸਫ਼ਾਈ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ।