ਸੀਵਰੇਜ ਪਲਾਂਟ ਦੇ ਟੈਂਕ ‘ਚ ਡੁੱਬ ਕੇ 3 ਸਾਲਾਂ ਬੱਚੇ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਦੇ ਸਥਾਨਿਕ ਇੰਡਸਟ੍ਰੀਅਲ ਗ੍ਰੋਥ ਸੈਂਟਰ ਵਿਚ ਸੀਵਰੇਜ ਪਲਾਂਟ ਦੇ ਖੁੱਲ੍ਹੇ ਟੈਂਕ ਵਿਚ ਡੁੱਬਣ ਨਾਲ ਇਕ 3 ਸਾਲਾਂ ਬੱਚੇ ਦੀ...

3 years child death

ਬਠਿੰਡਾ (ਸਸਸ) : ਬਠਿੰਡਾ ਦੇ ਸਥਾਨਿਕ ਇੰਡਸਟ੍ਰੀਅਲ ਗ੍ਰੋਥ ਸੈਂਟਰ ਵਿਚ ਸੀਵਰੇਜ ਪਲਾਂਟ ਦੇ ਖੁੱਲ੍ਹੇ ਟੈਂਕ ਵਿਚ ਡੁੱਬਣ ਨਾਲ ਇਕ 3 ਸਾਲਾਂ ਬੱਚੇ ਦੀ ਦਰਦਨਾਕ ਮੌਤ ਹੋ ਗਈ। ਉਕਤ ਬੱਚਾ ਸ਼ਾਮ ਤੋਂ ਹੀ ਲਾਪਤਾ ਸੀ ਅਤੇ ਉਸ ਦੇ ਪਰਵਾਰ ਵਾਲੇ ਉਸ ਦੀ ਭਾਲ ਕਰ ਰਹੇ ਹਨ। ਸਹਾਰਾ ਜਨਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਮੈਂਬਰਾਂ ਨੇ ਪੁਲਿਸ ਵਿਚ ਬੱਚੇ ਦੀ ਲਾਸ਼ ਨੂੰ ਟੈਂਕ ਵਿਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਦੇ ਮੁਤਾਬਕ, ਸਾਂਈ ਨਗਰ ਗਲੀ ਨੰ. 6 ਨਿਵਾਸੀ ਅੰਕੂ ਕੁਮਾਰ ਦਾ ਬੇਟਾ ਅੰਸ਼ੂ ਸ਼ਾਮ ਦੇ ਸਮੇਂ ਅਚਾਨਕ ਲਾਪਤਾ ਹੋ ਗਿਆ।

ਅੰਕੂ ਕੁਮਾਰ ਧਾਗਾ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਅਪਣੇ ਪਰਵਾਰ ਦੇ ਨਾਲ ਸਾਂਈ ਨਗਰ ਵਿਚ ਰਹਿੰਦਾ ਹੈ। ਬੱਚੇ ਦੇ ਲਾਪਤਾ ਹੋਣ ਦਾ ਪਤਾ ਲੱਗਣ ‘ਤੇ ਪਰਵਾਰ ਵਾਲਿਆਂ ਦੀ ਉਸ ਦੀ ਭਾਲ ਸ਼ੁਰੂ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਸਾਰੀ ਰਾਤ ਲੰਘ ਗਈ। ਅਗਲੀ ਸਵੇਰ ਬੱਚੇ ਦੀ ਭਾਲ ਕਰ ਰਹੇ ਕੁਝ ਲੋਕਾਂ ਨੇ ਸੀਵਰੇਜ ਪਲਾਂਟ ਦੇ ਟੈਂਕ ਵਿਚ ਇਕ ਬੱਚੇ ਦੀਆਂ ਚੱਪਲਾਂ ਵੇਖੀਆਂ ਤਾਂ ਇਸ ਦੀ ਜਾਣਕਾਰੀ ਪੁਲਿਸ ਅਤੇ ਸਹਾਰਾ ਜਨਸੇਵਾ ਨੂੰ ਦਿਤੀ।

ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਜਦੋਂ ਕਿ ਸਹਾਰਾ ਦੀ ਰੈਸਕਿਉ ਟੀਮ ਦੇ ਮੈਂਬਰ ਜੱਗਾ ਸਿੰਘ, ਮਨੀ ਸ਼ਰਮਾ, ਗੌਤਮ ਗੋਇਲ ਆਦਿ ਵੀ ਮੌਕੇ ‘ਤੇ ਪਹੁੰਚ ਗਏ। ਸਹਾਰਾ ਵਰਕਰਾਂ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਟੈਂਕ ਵਿਚੋਂ ਕੱਢ ਲਿਆ। ਲੋਕਾਂ ਨੇ ਸ਼ੱਕ ਜਤਾਇਆ ਹੈ ਕਿ ਬੱਚੇ ਟੈਂਕ ਦੇ ਨੇੜੇ ਖੇਡ ਰਹੇ ਹੋਣਗੇ ਅਤੇ ਇਸ ਦੌਰਾਨ ਅੰਸ਼ੂ ਟੈਂਕ ਵਿਚ ਡਿੱਗ ਗਿਆ ਹੋਵੇਗਾ। ਹੋਰ ਬੱਚੇ ਡਰ ਦੇ ਮਾਰੇ ਉੱਥੋਂ ਭੱਜ ਗਏ ਹੋਣਗੇ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿਤੀ ਹੋਣੀ।

ਪਰਵਾਰ ਮੈਂਬਰਾਂ ਨੇ ਦੱਸਿਆ ਕਿ ਬੱਚਾ ਅਪਣੇ ਸਾਥੀ ਬੱਚਿਆਂ ਦੇ ਨਾਲ ਇੱਥੇ ਖੇਡਣ ਦੇ ਲਈ ਆ ਜਾਂਦਾ ਸੀ ਅਤੇ ਖੇਡ ਦੇ ਦੌਰਾਨ ਹੀ ਉਸ ਦੇ ਨਾਲ ਇਹ ਹਾਦਸਾ ਹੋ ਗਿਆ ਹੋਵੇਗਾ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਉਕਤ ਟੈਂਕ ਉਪਰ ਤੋਂ ਖੁੱਲ੍ਹਾ ਹੋਇਆ ਹੈ ਅਤੇ ਉਸ ਦੀ ਚਾਰ ਦੀਵਾਰੀ ਵੀ ਨਹੀਂ ਕੀਤੀ ਗਈ। ਇਸ ਕਾਰਨ ਇਸ ਪ੍ਰਕਾਰ ਦੇ ਹੋਰ ਹਾਦਸੇ ਵੀ ਹੋ ਸਕਦੇ ਹਨ। ਸਹਾਰਾ ਅਫ਼ਸਰ ਵਿਜੈ ਗੋਇਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ

ਕਿ ਉਕਤ ਟੈਂਕ ਦੀ ਉੱਚੀ ਚਾਰ ਦੀਵਾਰੀ ਕੀਤੀ ਜਾਵੇ ਤਾਂਕਿ ਭਵਿੱਖ ਵਿਚ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਸਕੇ। ਆਸਪਾਸ ਦੇ ਲੋਕਾਂ ਨੇ ਵੀ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਕਰਾਰ ਦਿਤਾ ਹੈ ਅਤੇ ਟੈਂਕ ਨੂੰ ਢੱਕਣ ਦੀ ਮੰਗ ਕੀਤੀ ਹੈ।