ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਬੰਦੀਆਂ 'ਚ ਢਿੱਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਜ਼ਾਰ ਅਜੇ ਵੀ ਬੰਦ, ਮੋਬਾਈਲ ਸੇਵਾਵਾਂ ਠੱਪ

Restrictions eased in most areas of Kashmir

ਸ੍ਰੀਨਗਰ : ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਾਬੰਦੀਆਂ 'ਚ ਢਿੱਲ ਦੇ ਦਿਤੀ ਗਈ ਹੈ। ਜਗ੍ਹਾ-ਜਗ੍ਹਾ ਰੁਕਾਵਟਾਂ ਹਟਾਈਆਂ ਜਾ ਰਹੀਆਂ ਹਨ ਅਤੇ ਸੜਕਾਂ 'ਤੇ ਆਵਾਜਾਈ ਹੌਲੀ-ਹੌਲੀ ਵਧ ਰਹੀ ਹੈ। ਪਰ ਬਾਜ਼ਾਰ 18ਵੇਂ ਦਿਨ ਵੀ ਬੰਦ ਹਨ ਅਤੇ ਇੰਟਰਨੈਟ ਸੇਵਾਵਾਂ ਵੀ ਠੱਪ ਹਨ। 

ਅਧਿਕਾਰੀਆਂ ਨੇ ਦਸਿਆ ਕਿ ਸਥਿਤੀ ਸ਼ਾਂਤਮਈ ਹੈ ਅਤੇ ਬੁਧਵਾਰ ਨੂੰ ਘਾਟੀ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਤਰ੍ਹਾਂ ਦੀ ਹਿੰਸਕ ਘਟਨਾ ਹੋਣ ਦੀ ਕੋਈ ਖ਼ਬਰ ਨਹੀਂ ਹੈ।  ਉਨ੍ਹਾਂ ਦਸਿਆ ਕਿ ਸਥਿਤੀ ਵਿਚ ਸੁਧਾਰ ਦੇਖਦਿਆਂ ਸ੍ਰੀਨਗਰ ਅਤੇ ਘਾਟੀ ਦੇ ਹੋਰ ਜ਼ਿਲ੍ਹਾ ਦਫ਼ਤਰ ਸ਼ਹਿਰਾਂ 'ਚ ਲੋਕਾਂ ਅਤੇ ਆਵਾਜਾਈ ਹੌਲੀ-ਹੌਲੀ ਵਧਾ ਰਹੇ ਹਨ। 

ਜਨਤਕ ਆਵਾਜਾਈ ਸੜਕਾਂ 'ਤੇ ਨਾਂਹ ਦੇ ਬਰਾਬਰ ਰਹੀ ਪਰ ਕੁਝ ਸਥਾਨਕ ਕੈਬ ਅਤੇ ਤਿੰਨ ਪਹੀਆ ਵਾਹਨ ਕੁਝ ਇਲਾਕਿਆਂ 'ਚ ਸੜਕਾਂ 'ਤੇ ਚਲਦੇ ਦਿਖਾਈ ਦਿਤੇ। ਅਧਿਕਾਰੀਆਂ ਨੇ ਦਸਿਆ ਕਿ ਮਧਵਰਗ ਦੇ ਸਕੂਲਾਂ 'ਚ ਵਿਦਿਆਰਥੀਆਂ ਅਤੇ ਸਰਕਾਰੀ ਦਫ਼ਤਰਾਂ 'ਚ ਮੁਲਾਜ਼ਮਾਂ ਦੀ ਹਾਜ਼ਰੀ ਵਧ ਰਹੀ ਹੈ। ਹਾਲਾਂਕਿ, ਜ਼ਿਆਦਾਤਰ ਵਿਦਿਆਰਥੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਜੇ ਸਕੂਲਾਂ ਤੋਂ ਦੂਰ ਹਨ। 

ਉਨ੍ਹਾਂ ਦਸਿਆ ਕਿ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅਤੇ ਸਿਵਲ ਲਾਈਨਜ਼ ਇਲਾਕੇ ਅਤੇ ਹੋਰ ਜ਼ਿਲ੍ਹਿਆਂ ਤੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਤੈਨਾਤੀ ਬਰਕਰਾਰ ਹੈ।  ਕਿਸੇ ਵੱਖਵਾਦੀ ਜਥੇਬੰਦੀ ਜਾਂ ਕਿਸੇ ਹੋਰ ਜਥੇਬੰਦੀ ਵਲੋਂ ਕਿਸੇ ਤਰ੍ਹਾਂ ਦੀ ਹੜਤਾਲ ਦਾ ਸੱਦਾ ਨਹੀਂ ਦਿਤਾ ਗਿਆ। ਉਨ੍ਹਾਂ ਦਸਆਿ ਕਿ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਅਜੇ ਵੀ ਠੱਪ ਹਨ। ਹਾਲਾਂਕਿ ਲੈਂਡਲਾਈਨ ਟੈਲੀਫ਼ੋਨ ਸੇਵਾਵਾਂ ਜ਼ਿਆਦਾਤਰ ਜਗ੍ਹਾ 'ਤੇ ਬਹਾਲ ਕਰ ਦਿਤੀਆਂ ਗਈਆਂ ਹਨ। ਸ੍ਰੀਨਗਰ ਦੇ ਲਾਲ ਚੌਕ ਅਤੇ ਪ੍ਰੈਸ ਇੰਨਕਲੇਵ ਸਣੇ ਕਈ ਇਲਾਕਿਆਂ 'ਚ ਲੈਂਡਲਾਈਨ ਟੈਲੀਫ਼ੋਨ ਸੇਵਾ ਲਗਾਤਾਰ ਠੱਪ ਹੈ।