ਸੜਕਾਂ 'ਤੇ ਖ਼ੂਨੀ ਖੇਡ, ਹਰ ਸਾਲ 1.50 ਲੱਖ ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਪਹੀਆ ਵਾਹਨ ਚਾਲਕਾਂ ਦੀ ਗਿਣਤੀ ਸੱਭ ਤੋਂ ਵੱਧ

Annual Death Rate Of 1.5 Lakh People in India : Report

ਨਵੀਂ ਦਿੱਲੀ : ਦੁਨੀਆਂ 'ਚ ਹਰ ਸਾਲ 10 ਲੱਖ ਤੋਂ ਵੱਧ ਲੋਕ ਸੜਕ ਹਾਦਸਿਆਂ 'ਚ ਜਾਨਾਂ ਗੁਆ ਰਹੇ ਹਨ ਅਤੇ 5 ਕਰੋੜ ਤੋਂ ਵੱਧ ਲੋਕ ਜ਼ਖ਼ਮੀ ਹੋ ਜਾਂਦੇ ਹਨ। ਸੜਕ ਹਾਦਸਿਆਂ ਕਾਰਨ ਦੁਨੀਆਂ ਵਿਚ ਸਭ ਤੋਂ ਵੱਧ ਮੌਤਾਂ ਭਾਰਤ ਵਿਚ ਹੁੰਦੀਆਂ ਹਨ ਅਤੇ ਸਭ ਤੋਂ ਵੱਧ ਜ਼ਖ਼ਮੀ ਵੀ ਇਥੇ ਹੀ ਹੁੰਦੇ ਹਨ। ਇਨ੍ਹਾਂ ਹਾਦਸਿਆਂ ਕਾਰਨ ਭਾਰਤ ਨੂੰ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦਾ 3 ਲੱਖ ਕਰੋੜ ਤੋਂ ਵੀ ਵੱਧ ਦਾ ਹਰ ਸਾਲ ਨੁਕਸਾਨ ਝੱਲਣਾ ਪੈਂਦਾ ਹੈ। ਭਾਰਤ 'ਚ ਹਰ ਸਾਲ ਡੇਢ ਲੱਖ ਤੋਂ ਵੱਧ ਲੋਕਾਂ ਦੀ ਮੌਤ ਸੜਕ ਹਾਦਸਿਆਂ 'ਚ ਹੁੰਦੀ ਹੈ।

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੀ ਟਰਾਂਸਪੋਰਟ ਰਿਸਰਚ ਵਿੰਗ ਦੀ ਰਿਪੋਰਟ ਮੁਤਾਬਕ ਸਾਲ 2016 'ਚ ਸੜਕ ਹਾਦਸਿਆਂ 'ਚ 1,05,785 ਲੋਕਾਂ ਦੀ ਮੌਤ ਹੋਈ, ਜਦਕਿ 4,94,624 ਜ਼ਖ਼ਮੀ ਹੋਏ ਸਨ। ਸਾਲ 2007 ਤੋਂ ਬਾਅਦ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ 'ਚ ਹੁਣ ਤਕ 32 ਫ਼ੀਸਦੀ ਵਾਧਾ ਵੇਖਿਆ ਗਿਆ ਹੈ। ਅੰਕੜਿਆਂ ਮੁਤਾਬਕ ਦੁਪਹੀਆ ਵਾਹਨ ਚਾਲਕ ਸੜਕ ਹਾਦਸਿਆਂ ਦੀ ਲਪੇਟ 'ਚ ਜ਼ਿਆਦਾ ਆਏ। ਦੁਪਹੀਆ ਵਾਹਨ 33.8%, ਕਾਰ, ਜੀਪ ਤੇ ਟੈਕਸੀ 23.6%, ਟਰੱਕ, ਟੈਂਪੂ ਤੇ ਟਰੈਕਟਰ 21% ਸੜਕ ਹਾਦਸਿਆਂ ਦੀ ਲਪੇਟ 'ਚ ਆਏ।

ਅੰਕੜਿਆਂ ਮੁਤਾਬਕ ਦੁਪਹੀਆ ਵਾਹਨ ਨਾਲ ਹੋਏ ਸੜਕ ਹਾਦਸਿਆਂ 'ਚ ਲੋਕਾਂ ਨੇ ਸੱਭ ਤੋਂ ਵੱਧ ਜਾਨ ਗੁਆਈ। ਪੈਦਲ ਚੱਲਣ ਵਾਲੇ ਲੋਕਾਂ ਨਾਲ ਹੋਏ ਹਾਦਸਿਆਂ 'ਚ 10.6% ਮੌਤਾਂ ਦਰਜ ਕੀਤੀਆਂ ਗਈਆਂ। ਸਾਈਕਲ ਸਵਾਰਾਂ ਨਾਲ ਹੋਏ ਹਾਦਸਿਆਂ 'ਚ 1.7% ਮੌਤਾਂ ਦਰਜ ਕੀਤੀਆਂ ਗਈਆਂ।

ਭਾਰਤ ਵਿਚ ਸੜਕਾਂ ਦੇ ਕੁੱਲ ਨੈੱਟਵਰਕ ਵਿਚ ਕੌਮੀ-ਮਾਰਗ ਦੋ ਅਤੇ ਰਾਜ-ਮਾਰਗ 3% ਹਨ ਪਰ ਦੇਸ਼ ਵਿਚ ਹੋਣ ਵਾਲੇ ਸੜਕੀ ਹਾਦਸਿਆਂ ’ਚੋਂ 28% ਕੌਮੀ-ਮਾਰਗਾਂ ਅਤੇ 24%  ਰਾਜ-ਮਾਰਗਾਂ ਉੱਪਰ ਵਾਪਰ ਰਹੇ ਹਨ ਭਾਵ ਦੇਸ਼ ਵਿਚ 5%  ਸੜਕਾਂ (ਕੌਮੀ ਤੇ ਰਾਜ) ਉੱਪਰ ਦੇਸ਼ ਦੇ 52 ਫ਼ੀਸਦੀ ਸੜਕ ਹਾਦਸੇ ਵਾਪਰ ਰਹੇ ਹਨ। ਦੇਸ਼ ਦੀਆਂ ਬਾਕੀ 95% ਸੜਕਾਂ ਉਪਰ 48% ਹਾਦਸੇ ਹੁੰਦੇ ਹਨ। ਇਨ੍ਹਾਂ 95% ਸੜਕਾਂ ਵਿਚ ਪਿੰਡਾਂ ਦੀਆਂ ਲਿੰਕ-ਸੜਕਾਂ, ਪ੍ਰਧਾਨ-ਮੰਤਰੀ ਗ੍ਰਾਮੀਣ ਸੜਕਾਂ, ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ, ਬੌਰਡਰ ਰੋਡ ਆਰਗੇਨਾਈਜੇਸ਼ਨ ਦੀਆਂ ਸੜਕਾਂ ਆਦਿ ਸ਼ਾਮਲ ਹਨ।

ਅੰਕੜਿਆਂ ਅਨੁਸਾਰ ਇਹ ਹਾਦਸੇ ਸਵੇਰੇ 9 ਤੋਂ ਰਾਤ 9 ਵਜੇ ਦੇ ਦਰਮਿਆਨ ਹੀ ਜ਼ਿਆਦਾ ਵਾਪਰਦੇ ਹਨ । ਰਾਤ ਸਮੇਂ ਸੜਕ ਦੁਰਘਟਨਾਵਾਂ ਘੱਟ ਵਾਪਰਦੀਆਂ ਹਨ ਕਿਉਂਕਿ ਰਾਤ ਨੂੰ ਆਵਾਜਾਈ ਘੱਟ ਜਾਂਦੀ ਹੈ। ਇਨ੍ਹਾਂ ਹਾਦਸਿਆਂ ਦੇ ਕਾਰਨਾਂ ਨੂੰ ਜੇ ਤਰਤੀਬ ਦੇਣੀ ਹੋਵੇ ਤਾਂ ਸਭ ਤੋਂ ਵੱਡਾ ਕਾਰਨ ਹੈ ਤੇਜ਼ ਰਫ਼ਤਾਰ ਨਾਲ ਡਰਾਇਵਿੰਗ ਕਰਨਾ ਅਤੇ ਦੂਜੇ ਨੰਬਰ ’ਤੇ ਹਾਦਸਿਆਂ ਲਈ ਸ਼ਰਾਬ ਦਾ ਨੰਬਰ ਆਉਂਦਾ ਹੈ। ਇਨ੍ਹਾਂ ਕਾਰਨਾਂ ਤੋਂ ਇਲਾਵਾ ਛੋਟੀ ਉਮਰੇ ਡਰਾਇਵਿੰਗ ਕਰਨਾ, ਵਾਹਨ ਚਲਾਉਂਦਿਆਂ ਫ਼ੋਨ ਕਰਨਾ, ਡੀ ਵੀ ਡੀ/ਰੇਡੀਓ ਚਲਾਉਣਾ, ਕੁਝ ਖਾਣਾ ਜਾਂ ਪੀਣਾ, ਵਾਹਨ ਵਿਚ ਬੱਚਿਆਂ/ਮੁਸਾਫਰਾਂ ਦਾ ਰੌਲ਼ਾ-ਰੱਪਾ, ਪਾਲਤੂ ਜਾਨਵਰਾਂ ਨਾਲ ਸਫ਼ਰ ਕਰਨਾ, ਲਾਲ ਬੱਤੀ ਦੀ ਉਲੰਘਣਾ, ਸੜਕਾਂ ਦੀ ਕਮੀ, ਸੜਕਾਂ ਦੀ ਮਾੜੀ ਹਾਲਤ, ਮੋਟਰ-ਗੱਡੀਆਂ ’ਚ ਤਕਨੀਕੀ ਨੁਕਸ, ਅਚਾਨਕ ਟਾਇਰ ਦਾ ਫਟ ਜਾਣਾ, ਵਾਹਨਾਂ ਦੀ ਸਹੀ ਦੇਖ-ਰੇਖ ਨਾ ਕਰਨੀ, ਛੋਟੀ ਉਮਰ ਦੇ ਡਰਾਇਵਰ, ਬਿਨਾਂ ਹੈਲਮਟ ਅਤੇ ਬੈਲਟ ਤੋਂ ਸਫ਼ਰ ਕਰਨਾ, ਸ਼ੀਸ਼ੇ ਦੀ ਵਰਤੋਂ ਨਾ ਕਰਨਾ, ਮੁੜਨ ਤੋਂ ਪਹਿਲਾਂ ਇਸ਼ਾਰਾ ਨਾ ਦੇਣਾ, ਗ਼ਲਤ ਥਾਂ ’ਤੇ ਪਾਰਕਿੰਗ ਕਰਨੀ, ਟਰੱਕਾਂ/ਟਰਾਲੀਆਂ ਦੇ ਵਿਡ੍ਹਾਂ ਤੋਂ ਬਾਹਰ ਲੱਦ ਭਰਨੀ, ਗੱਡਿਆਂ, ਟਾਂਗਿਆਂ, ਰੇਹੜੀਆਂ, ਸਾਈਕਲਾਂ, ਟਰਾਲੀਆਂ, ਘੜੁਕਿਆਂ ਆਦਿ ਦੇ ਪਿੱਛੇ ਰਿਫਲੈਕਟਰ ਨਾ ਹੋਣੇ, ਸੜਕਾਂ ਦਾ ਨਿਰਮਾਣ ਲੋਕਾਂ ਦੀ ਸਹੂਲਤ ਮੁਤਾਬਕ ਨਾ ਹੋਣਾ, ਸੜਕਾਂ ਦੇ ਨਿਰਮਾਣ ਸਮੇਂ ਨਿਰਮਾਣ ਵਾਲੀਆਂ ਥਾਵਾਂ ’ਤੇ ਇਸ਼ਾਰੇ ਅਤੇ ਰੌਸ਼ਨੀ ਨਾ ਹੋਣੀ ਆਦਿ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।