ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ 'ਚ ਧਮਾਕਾ, 12 ਮੌਤਾਂ ਪੰਜ ਜਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਦੇ ਬਾਹਰ ਯਾਤਰੀਆਂ ਨਾਲ ਭਰੀ ਇੱਕ ਮਿੰਨੀਬਸ 'ਚ ਕੀਤੇ ਗਏ ਬੰਬ ਵਿਸਫੋਟ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜਖ਼ਮੀ ਹੋ ਗਏ।

blast outside Karbala iraq

ਇਰਾਕ : ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਦੇ ਬਾਹਰ ਯਾਤਰੀਆਂ ਨਾਲ ਭਰੀ ਇੱਕ ਮਿੰਨੀਬਸ 'ਚ ਕੀਤੇ ਗਏ ਬੰਬ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜਖ਼ਮੀ ਹੋ ਗਏ। ਇਰਾਕ ਦੇ ਸੁਰੱਖਿਆ ਅਧਿਕਾਰੀਆਂ ਅਤੇ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਇਰਾਕ ਵਿੱਚ 2017 'ਚ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਦੀ ਹਾਰ ਦੀ ਘੋਸ਼ਣਾ ਤੋਂ ਬਾਅਦ ਇਹ ਆਮ ਨਾਗਰਿਕਾਂ 'ਤੇ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਹੈ।

ਸਮੂਹ ਦੇ ਸੈਲ ਹੁਣ ਵੀ ਅੱਤਵਾਦ ਫੈਲਾ ਰਹੇ ਹਨ ਅਤੇ ਦੇਸ਼ ਭਰ ਵਿਚ ਕਿਤੇ ਕਿਤੇ ਹਮਲਿਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਹ ਧਮਾਕਾ ਸ਼ੁੱਕਰਵਾਰ ਦੀ ਰਾਤ ਹੋਇਆ, ਜਦੋਂ ਬੱਸ ਕਰਬਲਾ ਤੋਂ ਕਰੀਬ 10 ਕਿਲੋਮੀਟਰ ਦੂਰ ਇਰਾਕੀ ਫੌਜ ਦੀ ਚੌਕੀ ਕੋਲੋਂ ਲੰਘ ਰਹੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿਚ ਪਹਿਲਾਂ ਇਕ ਯਾਤਰੀ ਬੱਸ ਤੋਂ ਉਤਰ ਗਿਆ, ਪ੍ਰੰਤੂ ਇਕ ਸੀਟ ਦੇ ਹੇਠਾਂ ਉਹ ਵਿਸਫੋਟਕਾਂ ਨਾਲ ਭਰਿਆ ਹੋਇਆ ਬੈਗ ਛੱਡ ਗਿਆ। ਇਸ ਦੇ ਬਾਅਦ ਬੱਸ ਦੇ ਚੌਕੀ ਪਹੁੰਚਣ ਉਤੇ ਰਿਮੋਟ ਰਾਹੀਂ ਧਮਾਕਾ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਅਤੇ ਉਸਦੇ ਬਾਅਦ ਬੱਸ ਵਿਚ ਲੱਗੀ ਅੱਗ ਦੇ ਚਲਦਿਆਂ ਮਰਨ ਵਾਲੇ ਸਾਰੇ ਆਮ ਨਾਗਰਿਕ ਸਨ। ਸਾਰੇ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਇਹ ਜਾਣਕਾਰੀ ਦਿੱਤੀ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ। ਇਹ ਹਮਲਾ ਸ਼ੀਆ ਮੁਸਲਮਾਨਾਂ ਵੱਲੋਂ ਮਨਾਏ ਜਾਣ ਵਾਲੇ ਦੋ ਅਹਿਮ ਧਾਰਮਿਕ ਮੌਕਿਆਂ ਅਸ਼ੂਰਾ ਅਤੇ ਅਰਾਬੀਨ ਵਿਚ ਪਵਿੱਤਰ ਸਮੇਂ ਦੌਰਾਨ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।