ਵਿਸ਼ਵ ਦਾ ਸਭ ਤੋਂ ਵਿਸ਼ਾਲ ‘ਗੁਰੂਘਰ’ ਹੋਵੇਗਾ ‘ਕਰਤਾਰਪੁਰ ਸਾਹਿਬ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੁਨੀਆਂ ਦਾ ਸਭ...

Kartarpur Sahib

ਨਵੀਂ ਦਿੱਲੀ: ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੁਨੀਆਂ ਦਾ ਸਭ ਤੋਂ ਵੱਡਾ ਗੁਰੂਘਰ ਹੋਵੇਗਾ। ਇਹ ਗੁਰਦੁਆਰਾ ਸਾਹਿਬ 450 ਏਕੜ ਜ਼ਮੀਨ ਉੱਤੇ ਫੈਲਿਆ ਹੈ। ਇਹ ਦਾਅਵਾ ਪਾਕਿਸਤਾਨੀ ਇਤਿਹਾਸਕਾਰ ਸ਼ਾਹਿਦ ਸ਼ਬੀਰ ਨੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ’ਚ ਕੀਤਾ ਸੀ ਪਰ ਕੁਝ ਕਾਪੀਰਾਈਟ ਅਧਿਕਾਰਾਂ ਕਾਰਨ ਟਵਿਟਰ ਨੇ ਉਹ ਵੀਡੀਓ ਡਿਲੀਟ ਕਰ ਦਿੱਤੀ। ਉਸ ਤੋਂ ਬਾਅਦ ਸ੍ਰੀ ਸ਼ੱਬੀਰ ਨੇ ਸਾਢੇ ਪੰਜ ਮਿੰਟ ਦੀ ਇੱਕ ਹੋਰ ਵਿਡੀਓ ਅਪਲੋਡ ਕੀਤੀ ਹੈ, ਜਿੱਥੇ ਗਰਾਊਂਡ-ਜ਼ੀਰੋ ‘ਤੇ ਜਾ ਕੇ ਉਨ੍ਹਾਂ ਰਿਪੋਰਟ ਕੀਤੀ ਹੈ।

ਉਸ ਪਹਿਲੀ ਵੀਡੀਓ ’ਚ ਵਿਖਾਇਆ ਗਿਆ ਸੀ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਕਿੰਨੀ ਕੁ ਮੁਕੰਮਲ ਹੋ ਚੁੱਕੀ ਹੈ। ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਦੇ ਮੁੱਖ ਨਿਰਮਾਣ ਅਧਿਕਾਰੀ ਤੇ ਇੰਜੀਨੀਅਰ ਕਾਸ਼ਿਫ਼ ਅਲੀ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਦੇ 16 ਵੱਡੇ ਪਲੇਟਫ਼ਾਰਮਾਂ ਵਿੱਚੋਂ 12 ਪੈਨਲਾਂ ਉੱਤੇ ਸੰਗਮਰਮਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਗਲੇ 10 ਦਿਨਾਂ ’ਚ ਸੰਗਮਰਮਰ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ।

ਦਰਸ਼ਨੀ ਡਿਓਢੀ ਦੇ ਉੱਪਰ ਗੁੰਬਦ ਦੀ ਉਸਾਰੀ ਦਾ ਕੰਮ ਜਾਰੀ ਹੈ। ਦਰਸ਼ਨੀ ਡਿਓਢੀ ਦੇ ਅੰਦਰ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਸ ਦੀਆਂ ਕੰਧਾਂ ਉੱਤੇ ਸੰਗਮਰਮਰ ਦੀਆਂ ਟਾਈਲਾਂ ਲੱਗ ਰਹੀਆਂ ਹਨ। ਰਾਹ ਵਿੱਚ ਸੰਗਮਰਮਰ ਲਾਉਣ ਦਾ ਕੰਮ ਆਖ਼ਰੀ ਗੇੜ ’ਚ ਹੈ। ਦਰਸ਼ਨੀ ਡਿਓਢੀ ਦੇ ਦਰਵਾਜ਼ੇ ਤੇ ਰੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਖਿੜਕੀਆਂ ਦੇ ਸ਼ੀਸ਼ੇ ਵੀ ਲਾ ਦਿੱਤੇ ਗਏ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਮੁੱਖ ਇਮਾਰਤ ਤੋਂ ਕੁਝ ਹੀ ਮੀਟਰ ਦੀ ਦੂਰੀ ਉੱਤੇ ਬਣਾਏ ਜਾ ਰਹ ਪਵਿੱਤਰ ਸਰੋਵਰ ਤੇ ਉਸ ਦੇ ਚਾਰੇ ਪਾਸੇ ਟਾਈਲਾਂ ਲਾਉਣ ਦਾ ਕੰਮ ਚੱਲ ਰਿਹਾ ਹੈ।

ਲੰਗਰ ਹਾਲ ਦੀ ਮੁੱਖ ਇਮਾਰਤ ਦੀ ਉਸਾਰੀ ਹੋ ਚੁੱਕੀ ਹੈ। ਪ੍ਰਸਾਦਾ (ਰੋਟੀ) ਤਿਆਰ ਕਰਨ ਲਈ ਦੋ ਵੱਡੀਆਂ ਆਟੋਮੈਟਿਕ ਮਸ਼ੀਨਾਂ ਵੀ ਲਾਈਆਂ ਜਾ ਰਹੀਆਂ ਹਨ, ਤਾਂ ਜੋ ਰੋਜ਼ਾਨਾ 5,000 ਤੋਂ ਵੀ ਵੱਧ ਸ਼ਰਧਾਲੂਆਂ ਲਈ ਲੰਗਰ ਦਾ ਇੰਤਜ਼ਾਮ ਹੋ ਸਕੇ। 700 ਫ਼ੁੱਟ ਲੰਮੇ ਯਾਤਰੀ-ਨਿਵਾਸ ਵਿੱਚ ਆਰ.ਓ ਲੱਗ ਰਿਹਾ ਹੈ। ਸ਼ਰਧਾਲੂਆਂ ਲਈ ਵੱਡੇ ਹਾਲ ਦੀ ਉਸਾਰੀ ਕੀਤੀ ਜਾ ਰਹੀ ਹੈ।