ਸੰਸਦ ਦੇ ਬਾਹਰ ਧਰਨੇ ‘ਤੇ ਬੈਠੇ ਸੰਸਦ ਮੈਂਬਰਾਂ  ਲਈ ਚਾਹ ਲੈ ਕੇ ਪਹੁੰਚੇ ਉਪ-ਸਭਾਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਂਬਰਾਂ ਨੇ ਚਾਹ ਪੀਣ ਤੋਂ ਕੀਤਾ ਇਨਕਾਰ

Harivansh offer tea to protesting Opposition MPs

ਨਵੀਂ ਦਿੱਲੀ: ਰਾਜ ਸਭਾ ਦੇ ਪੂਰੇ ਸੈਸ਼ਨ ਲਈ ਮੁਅੱਤਲ ਕੀਤੇ ਗਏ 8 ਸੰਸਦ ਮੈਂਬਰਾਂ ਨੇ ਸੋਮਵਾਰ ਪੂਰੀ ਰਾਤ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਕੋਲ ਪ੍ਰਦਰਸ਼ਨ ਕੀਤਾ। ਰਾਜ ਸਭਾ ਦੇ ਉਪ-ਸਭਾਪਤੀ ਹਰਿਵੰਸ਼ ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਲਈ ਮੰਗਲਵਾਰ ਸਵੇਰੇ ਚਾਹ ਲੈ ਕੇ ਪਹੁੰਚੇ। ਹਾਲਾਂਕਿ ਸੰਸਦ ਮੈਂਬਰਾਂ ਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਸੋਮਵਾਰ ਨੂੰ ਧਰਨੇ ‘ਤੇ ਬੈਠੇ ਸੰਸਦ ਮੈਂਬਰਾਂ ਨੇ ਹੱਥਾਂ ਵਿਚ ਤਖਤੀਆਂ  ਫੜੀਆਂ ਸੀ, ਜਿਨ੍ਹਾਂ ‘ਤੇ ਲਿਖਿਆ ਸੀ, ‘ਅਸੀਂ ਕਿਸਾਨਾਂ ਲਈ ਲੜਾਂਗੇ’ ਅਤੇ ‘ਸੰਸਦ ਦੀ ਹੱਤਿਆ’।

ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਕੀ ਕਿਹਾ- ਕਿਸਾਨਾਂ ਨਾਲ ਧੋਖਾ ਹੋਇਆ ਹੈ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਉਪ ਸਭਾ ਪਤੀ ਦੀ ਚਾਹ ਤੋਂ ਇਨਕਾਰ ਕਰਨ ਤੋਂ ਬਾਅਦ ਕਿਹਾ, ‘ਅਸੀਂ ਪੂਰੀ ਰਾਤ ਇੱਥੇ ਧਰਨੇ ‘ਤੇ ਬੈਠੇ ਰਹੇ, ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ, ਦੇਸ਼ ਦੇ ਕਿਸਾਨਾਂ ਖਿਲਾਫ਼ ਜੋ ਕਾਲਾ ਕਾਨੂੰਨ ਇਸ ਸੰਸਦ ਵਿਚ ਪਾਸ ਕੀਤਾ ਗਿਆ ਹੈ ਉਸ ਦੇ ਖਿਲਾਫ਼।

ਅੱਜ ਸਵੇਰੇ ਇੱਥੇ ਉਪ ਸਭਾਪਤੀ ਆਏ ਸੀ, ਅਸੀਂ ਉਹਨਾਂ ਨੂੰ ਵੀ ਕਿਹਾ ਕਿ ਉਸ ਦਿਨ ਨਿਯਮ-ਕਾਨੂੰਨ ਨੂੰ ਤਾਕ ‘ਤੇ ਰੱਖ ਕੇ ਕਿਸਾਨ ਵਿਰੋਧੀ ਬਿਲ ਨੂੰ ਪਾਸ ਕਰਾਇਆ ਗਿਆ।  ਭਾਜਪਾ ਕੋਲ ਬਹੁਮਤ ਨਹੀਂ ਸੀ। ਅਸੀਂ ਵੋਟਿੰਗ ਦੀ ਮੰਗ ਕਰਦੇ ਰਹੇ ਪਰ ਤੁਸੀਂ ਵੋਟਿੰਗ ਨਹੀਂ ਕਰਵਾਈ। ਅਸੀਂ ਕਿਸਾਨਾਂ ਲਈ ਬੈਠੇ ਹਾਂ। ਕਿਸਾਨਾਂ ਨਾਲ ਧੋਖਾ ਹੋਇਆ ਹੈ’।

ਪੀਐਮ ਮੋਦੀ ਨੇ ਕੀਤੀ ਉਪ-ਸਭਾਪਤੀ ਦੀ ਤਾਰੀਫ਼

ਸੰਸਦ ਮੈਂਬਰਾਂ ਲਈ ਚਾਹ ਲੈ ਕੇ ਪਹੁੰਚੇ ਉਪ ਸਭਾਪਤੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰੀਫ਼ ਕੀਤੀ। ਉਹਨਾਂ ਕਿਹਾ ਉਪ-ਸਭਾਪਤੀ ਦੇ ਇਸ ਕਦਮ ਨਾਲ ਲੋਕਤੰਤਰ ਦੇ ਚਾਹੁਣ ਵਾਲਿਆਂ ਨੂੰ ਮਾਣ ਮਹਿਸੂਸ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ, ‘ਸਦੀਆਂ ਤੋਂ ਬਿਹਾਰ ਦੀ ਮਹਾਨ ਧਰਤੀ ਸਾਨੂੰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਸਿਖਾ ਰਹੀ ਹੈ। ਇਸ ਸ਼ਾਨਦਾਰ ਨੈਤਿਕਤਾ ਅਨੁਸਾਰ ਬਿਹਾਰ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਰਾਜ ਸਭਾ ਦੇ ਉਪ ਸਭਾਪਤੀ ਸ੍ਰੀ ਹਰਿਵੰਸ਼ ਜੀ ਦਾ ਪ੍ਰੇਰਣਾਦਾਇਕ ਅਤੇ ਰਾਜਨੇਤਾ ਵਰਗਾ ਵਿਵਹਾਰ ਹਰ ਲੋਕਤੰਤਰ ਪ੍ਰੇਮੀ ਨੂੰ ਮਾਣ ਬਖਸ਼ੇਗਾ। '

ਉਹਨਾਂ ਕਿਹਾ, ‘ਵਿਅਕਤੀਗਤ ਤੌਰ 'ਤੇ ਉਹਨਾਂ ਲੋਕਾਂ ਨੂੰ ਚਾਹ ਪਿਲਾਉਣਾ ਜਿਨ੍ਹਾਂ ਨੇ ਉਹਨਾਂ 'ਤੇ ਹਮਲਾ ਕੀਤਾ ਸੀ ਅਤੇ ਕੁਝ ਦਿਨ ਪਹਿਲਾਂ ਉਹਨਾਂ ਦਾ ਅਪਮਾਨ ਕੀਤਾ ਸੀ, ਇਹ ਦਰਸਾਉਂਦਾ ਹੈ ਕਿ ਸ਼੍ਰੀ ਹਰਿਵੰਸ਼ ਜੀ ਨਿਮਰ ਮਨ ਅਤੇ ਵੱਡੇ ਦਿਲ ਵਾਲੇ ਵਿਅਕਤੀ ਹਨ। ਇਹ ਉਹਨਾਂ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਮੈਂ ਹਰਿਵੰਸ਼ ਜੀ ਨੂੰ ਵਧਾਈ ਦੇਣ ਲਈ ਭਾਰਤ ਦੇ ਲੋਕਾਂ ਦੇ ਨਾਲ ਹਾਂ’।