ਖੇਤੀ ਬਿਲ ਦਾ ਜ਼ਬਰਦਸਤ ਵਿਰੋਧ ਕਰਨ ਵਾਲੇ ਸਾਂਸਦ ਨੂੰ ਨਹੀਂ ਪਾਉਣ ਦਿੱਤੀ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ-ਸੰਸਦ ਦੀ ਕਾਰਵਾਈ ਨੂੰ ਦੱਸਿਆ ‘ਲੋਕਤੰਤਰ ਦੀ ਹੱਤਿਆ’

FILE PHOTO

ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਬਿਲਾਂ ਨੂੰ ਲੈ ਕੇ ਜਿੱਥੇ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹੈ, ਉਥੇ ਹੀ ਉਨ੍ਹਾਂ ਸਾਂਸਦਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹੈ ਜੋ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹੋਏ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਨੇ।

ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਮੁਰਲੀਧਰਨ ਨੇ ਅਜਿਹਾ ਕਰਨ ਵਾਲੇ ਅੱਠ ਸਾਂਸਦਾਂ ਨੂੰ ਲੋਕ ਸਭਾ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ, ਜਿਨ੍ਹਾਂ ਵਿਚ ਕਾਂਗਰਸ ਦੇ ਰਾਜੀਵ ਸਾਟਵ, ਰਿਪੁਨ ਬੋਰਾਨ ਅਤੇ ਸੱਯਦ ਨਸੀਰ ਹੁਸੈਨ, ਤਿ੍ਰਣਮੂਲ ਕਾਂਗਰਸ ਦੇ ਡੇਰੇਕ ਓਬ੍ਰਾਇਨ ਅਤੇ ਡੋਲਾ ਸੇਨ, ਸੀਪੀਆਈ ਦੇ ਕੇਕੇ ਰਾਜੇਸ਼ ਅਤੇ ਐਲਾਮਾਰਨ ਕਰੀਮ ਅਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਸ਼ਾਮਲ ਨੇ।

ਇਨ੍ਹਾਂ ਸਾਂਸਦਾਂ ਦਾ ਦੋਸ਼ ਐ ਕਿ ਮੋਦੀ ਸਰਕਾਰ ਦੇ ਕਹਿਣ ’ਤੇ ਲੋਕ ਸਭਾ ਸਪੀਕਰ ਨੇ ਇਨ੍ਹਾਂ ਨੂੰ ਦੋ ਮਹੱਤਵਪੂਰਨ ਖੇਤੀ ਸਬੰਧੀ ਬਿਲਾਂ ’ਤੇ ਵੋਟ ਨਹੀਂ ਪਾਉਣ ਦਿੱਤੀ ਗਈ ਅਤੇ ਬਿਲਾਂ ਨੂੰ ਪਾਸ ਕਰਵਾ ਦਿੱਤਾ ਗਿਆ। ਸਰਕਾਰ ਦੀ ਇਸ ਧੱਕੇਸ਼ਾਹੀ ਸਮੇਂ ਸਦਨ ਵਿਚ ਕੋਈ ਪੱਤਰਕਾਰ ਮੌਜੂਦ ਨਹੀਂ ਸੀ।

ਹੋਰ ਤਾਂ ਹੋਰ ਰਾਜ ਸਭਾ ਟੀਵੀ ਦੀ ਆਡੀਓ ਵੀ ਬੰਦ ਕਰ ਦਿੱਤੀ ਗਈ ਸੀ। ਜਦੋਂ ਇਨ੍ਹਾਂ ਸਾਂਸਦਾਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਇਨ੍ਹਾਂ ਨੇ ਸਦਨ ਵਿਚ ਹੰਗਾਮਾ ਕੀਤਾ, ਸਦਨ ਨਿਯਮਾਂ ਦੀਆਂ ਕਾਪੀਆਂ ਫਾੜ ਕੇ ਸਪੀਕਰ ਵੱਲ ਸੁੱਟੀਆਂ।

ਤਿ੍ਰਣਮੂਲ ਕਾਂਗਰਸ ਦੇ ਸਾਂਸਦ ਡੈਰੇਕ ਓ ਬ੍ਰਾਇਨ ਨੇ ਸੰਸਦ ਦੇ ਅੰਦਰੋਂ ਭੇਜੇ ਇਕ ਵੀਡੀਓ ਸੰਦੇਸ਼ ਵਿਚ ਇਸ ਨੂੰ ‘ਲੋਕਤੰਤਰ ਦੀ ਹੱਤਿਆ ਦੱਸਿਆ। ਉਨ੍ਹਾਂ ਕਿਹਾ ਕਿ ਇਹ ਭਾਰਤੀ ਇਤਿਹਾਸ ਦਾ ਸਭ ਤੋਂ ਦੁਖਦ ਦਿਨ ਸੀ, ਜਦੋਂ ਇੰਨੇ ਮਹੱਤਵਪੂਰਨ ਬਿਲ ਨੂੰ ਰੌਲੇ ਰੱਪੇ ਦੇ ਵਿਚਕਾਰ ਅਤੇ ਵੋਟਿੰਗ ਦੀ ਮੰਗ ਕਰ ਰਹੇ ਮੈਂਬਰਾਂ ਦੇ ਅਧਿਕਾਰਾਂ ਨੂੰ ਦਰਕਿਨਾਰ ਕਰਦੇ ਹੋਏ ਪਾਸ ਕਰਵਾ ਲਿਆ ਗਿਆ।’’

ਦੱਸ ਦਈਏ ਕਿ ਇਨ੍ਹਾਂ ਖੇਤੀ ਬਿਲਾਂ ਦਾ ਕਿਸਾਨਾਂ ਵੱਲੋਂ ਵੀ ਸੜਕਾਂ ’ਤੇ ਉਤਰ ਕੇ ਵਿਰੋਧ ਕੀਤਾ ਜਾ ਰਿਹੈ ਪਰ ਮੋਦੀ ਸਰਕਾਰ ਨਾ ਤਾਂ ਕਿਸਾਨਾਂ ਦੀ ਆਵਾਜ਼ ਉਠਾਉਣ ਵਾਲੇ ਸਾਂਸਦਾਂ ਦੀ ਕੋਈ ਗੱਲ ਸੁਣ ਰਹੀ ਐ ਅਤੇ ਨਾ ਹੀ ਕਿਸਾਨਾਂ ਦੀ।