ਸਥਿਰ ਤੇ ਮਜ਼ਬੂਤ ਸਰਕਾਰ ਕਾਰਨ ਹੀ ਔਰਤਾਂ ਲਈ ਰਾਖਵਾਂਕਰਨ ਬਿਲ ਪਾਸ ਹੋ ਸਕਿਆ: ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਹੈੱਡਕੁਆਰਟਰ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ

Government With Majority Made Passage Of Women's Bill Possible: PM Modi

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਲਈ 33 ਫੀ ਸਦੀ ਰਾਖਵਾਂਕਰਨ ਯਕੀਨੀ ਬਣਾਉਣ ਵਾਲਾ 128ਵਾਂ ਸੰਵਿਧਾਨ ਸੋਧ ਬਿਲ ਸੰਸਦ ਤੋਂ ਪਾਸ ਹੋ ਸਕਿਆ ਕਿਉਂਕਿ ਅੱਜ ਕੇਂਦਰ ’ਚ ਇਕ ਸਥਿਰ ਅਤੇ ਫ਼ੈਸਲਾਕੁੰਨ ਸਰਕਾਰ ਹੈ ਜਿਸ ਕੋਲ ਭਾਰੀ ਬਹੁਮਤ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮਹਿਲਾ ਮੋਰਚੇ ਵਲੋਂ ਸੰਸਦ ’ਚ ਔਰਤਾਂ ਲਈ ਰਾਖਵਾਂਕਰਨ ਬਿਲ ਪਾਸ ਹੋਣ ’ਤੇ ਸਨਮਾਨ ਕਰਨ ਲਈ ਕੀਤੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਇਹ ਬਿਲ ਕੋਈ ਆਮ ਕਾਨੂੰਨ ਨਹੀਂ ਹੈ, ਸਗੋਂ ਨਵੇਂ ਭਾਰਤ ਲਈ ਨਵੀਂ ਲੋਕਤੰਤਰੀ ਪ੍ਰਤੀਬੱਧਤਾ ਦਾ ਐਲਾਨ ਹੈ।

 

ਸਮਾਗਮ ’ਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵੱਡੀ ਗਿਣਤੀ ’ਚ ਔਰਤਾਂ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਸਰਕਾਰੀ ਯੋਜਨਾਵਾਂ ਦੀਆਂ ਕਈ ਲਾਭਪਾਤਰੀ ਵੀ ਇਸ ਮੌਕੇ ਮੌਜੂਦ ਸਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ, ‘‘ਨਾਰੀ ਸ਼ਕਤੀ ਵੰਦਨ ਬਿਲ ਦਾ ਦੋਵਾਂ ਸਦਨਾਂ ਵਲੋਂ ਪਾਸ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਪੂਰੀ ਬਹੁਮਤ ਵਾਲੀ ਸਥਿਰ ਸਰਕਾਰ ਹੁੰਦੀ ਹੈ ਤਾਂ ਕਿਵੇਂ ਦੇਸ਼ ਵੱਡੇ ਫ਼ੈਸਲੇ ਲੈਂਦਾ ਹੈ ਅਤੇ ਵੱਡੇ ਮੀਲ ਪੱਥਰ ਨੂੰ ਪਾਰ ਕਰਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਔਰਤਾਂ ਦੇ ਰਾਖਵੇਂਕਰਨ ਦੇ ਸਾਹਮਣੇ ਕਿਸੇ ਦੇ ਸਿਆਸੀ ਹਿੱਤਾਂ ਨੂੰ ਕੰਧ ਨਹੀਂ ਬਣਨ ਦਿਤਾ।

 

ਉਨ੍ਹਾਂ ਕਿਹਾ, ‘‘ਪਹਿਲਾਂ ਜਦੋਂ ਵੀ ਇਹ ਬਿਲ ਸੰਸਦ ’ਚ ਆਇਆ ਤਾਂ ਅਕਸਰ ਹੰਗਾਮਾ ਹੁੰਦਾ ਸੀ ਪਰ ਅੱਜ ਜਦੋਂ ਦੇਸ਼ ’ਚ ਪੂਰਨ ਬਹੁਮਤ ਵਾਲੀ ਸਥਿਰ ਸਰਕਾਰ ਹੈ ਤਾਂ ਮਹਿਲਾ ਰਾਖਵਾਂਕਰਨ ਬਿਲ ਹਕੀਕਤ ਬਣ ਗਿਆ ਹੈ।’’ ਉਨ੍ਹਾਂ ਕਿਹਾ ਕਿ ਲਗਭਗ ਤਿੰਨ ਦਹਾਕਿਆਂ ਤੋਂ ਲੋਕ ਸਭਾ ਅਤੇ ਵਿਧਾਨ ਸਭਾਵਾਂ ’ਚ ਔਰਤਾਂ ਲਈ ਰਾਖਵੇਂਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਪਹਿਲਾਂ ਦੇ ਯਤਨਾਂ ’ਚ ਵਚਨਬੱਧਤਾ ਦੀ ਘਾਟ ਹੈ। ਮੋਦੀ ਨੇ ਕਿਹਾ, ‘‘ਅਸੀਂ ਵਚਨਬੱਧ ਸੀ ਅਤੇ ਅਸੀਂ ਇਸ ਨੂੰ ਪੂਰਾ ਕੀਤਾ ਹੈ।’’ ਔਰਤਾਂ ਦੇ ਮਜ਼ਬੂਤੀਕਰਨ ਦੀ ਦਿਸ਼ਾ ਵਿਚ ਕੇਂਦਰ ਸਰਕਾਰ ਵਲੋਂ ਚੁਕੇ ਗਏ ਵੱਖ-ਵੱਖ ਕਦਮਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਹੀ ਔਰਤਾਂ ਪਿਛਲੇ ਇਕ ਦਹਾਕੇ ’ਚ ਇਕ ਤਾਕਤ ਵਜੋਂ ਉਭਰੀਆਂ ਹਨ।

 

ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਅਤੇ ਸਮਾਜਵਾਦੀ ਪਾਰਟੀ ਵਰਗੀਆਂ ਪਾਰਟੀਆਂ ’ਤੇ ਵਿਅੰਗ ਕਸਦਿਆਂ ਉਨ੍ਹਾਂ ਕਿਹਾ ਕਿ ਇਹੀ ਕਾਰਨ ਸੀ ਕਿ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿਲ ਦੀਆਂ ਕਾਪੀਆਂ ਪਾੜਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਵੀ ਇਸ ਦੀ ਹਮਾਇਤ ਕਰਨੀ ਪਈ। ਉਨ੍ਹਾਂ ਕਿਹਾ ਕਿ ਹਰ ਪਾਰਟੀ ਨੂੰ ਸਮਰਥਨ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਦੀ ਖ਼ੁਸ਼ਕਿਸਮਤੀ ਹੈ ਕਿ ਇਸ ਦੀ ਸਰਕਾਰ ਨੂੰ ਬਿਲ ਪਾਸ ਕਰਨ ਦਾ ਮੌਕਾ ਮਿਲਿਆ। ਰਾਸ਼ਟਰਪਤੀ ਦੀ ਮਨਜ਼ੂਰੀ ਅਤੇ ਬਾਅਦ ਵਿੱਚ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਸੰਵਿਧਾਨ ਸੋਧ ਬਿਲ ਜਲਦੀ ਹੀ ਕਾਨੂੰਨ ਬਣ ਜਾਵੇਗਾ।

 

ਭਾਜਪਾ ਹੈੱਡਕੁਆਰਟਰ ’ਤੇ ਮੌਜੂਦ ਵੱਡੀ ਗਿਣਤੀ ’ਚ ਔਰਤਾਂ ਦੀਆਂ ਤਾੜੀਆਂ ਦੀ ਗੜਗੜਾਹਟ ਵਿਚਕਾਰ, ਉਨ੍ਹਾਂ ਕਿਹਾ ਕਿ ਇਹ ‘ਮੋਦੀ ਦੀ ਗਾਰੰਟੀ’ ਪੂਰੀ ਹੋਣ ਦਾ ਸਬੂਤ ਹੈ ਕਿ ਉਹ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ। ਭਾਜਪਾ ਇਸ ਬਿਲ ਦੇ ਪਾਸ ਹੋਣ ਨੂੰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਫਿਰ ਲੋਕ ਸਭਾ ਚੋਣਾਂ ’ਚ ਵੱਡਾ ਮੁੱਦਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ਦੇ ਸਾਲਾਂ ’ਚ ਕੇਂਦਰੀ ਯੋਜਨਾਵਾਂ ਦੀ ਲਾਭਪਾਤਰੀ ਔਰਤਾਂ ਵੱਡੀ ਗਿਣਤੀ ’ਚ ਭਾਜਪਾ ਦੇ ਵੋਟ ਬੈਂਕ ਵਜੋਂ ਉਭਰੀਆਂ ਹਨ। ਇਸ ਸਮਾਗਮ ਦੌਰਾਨ ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਮਨ ਅਤੇ ਸਮ੍ਰਿਤੀ ਇਰਾਨੀ ਸਮੇਤ ਪਾਰਟੀ ਦੀਆਂ ਮਹਿਲਾ ਸੰਸਦ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ।