ਇਕ ਦਿਨ 'ਚ ਤਿੰਨ ਵੱਡੀਆਂ ਘਟਨਾਵਾਂ ਤੋਂ ਬਾਅਦ ਜੰਮੂ-ਕਸ਼ਮੀਰ 'ਚ ਭਾਰੀ ਤਣਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜੌਰੀ ਅਤੇ ਕੁਲਗਾਮ ਵਿਚ ਹੋਏ ਦੋ ਵਖੱ-ਵੱਖ ਓਪਰੇਸ਼ਨਾਂ ਦੌਰਾਨ 5 ਅਤਿਵਾਦੀਆਂ ਨੂੰ ਢੇਰ ਕਰ ਦਿਤਾ ਗਿਆ।

Indian Armymen

ਸ਼੍ਰੀਨਗਰ, ( ਪੀਟੀਆਈ) : ਜੰਮੂ-ਕਸ਼ਮੀਰ ਵਿਚ ਬੀਤੇ ਦਿਨ ਹੋਏ ਵੱਖ-ਵੱਖ ਹਾਦਸਿਆਂ ਵਿਚ ਕੁਲ 16 ਲੋਕਾਂ ਦੀ ਮੌਤ ਹੋ ਗਈ। ਦੱਖਣੀ ਕਸ਼ਮੀਰ ਅਤੇ ਜੰਮੂ ਦੇ ਪੂੰਛ ਵਿਚ ਤਿੰਨ ਵੱਖ-ਵੱਖ ਘਟਨਾਵਾਂ ਦੌਰਾਨ 7 ਸਥਾਨਕ ਨਾਗਰਿਕ ਅਤੇ 4 ਫ਼ੌਜੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਰਾਜੌਰੀ ਅਤੇ ਕੁਲਗਾਮ ਵਿਚ ਹੋਏ ਦੋ ਵਖੱ-ਵੱਖ ਓਪਰੇਸ਼ਨਾਂ ਦੌਰਾਨ 5 ਅਤਿਵਾਦੀਆਂ ਨੂੰ ਢੇਰ ਕਰ ਦਿਤਾ ਗਿਆ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਕਸ਼ਮੀਰ ਘਾਟੀ ਵਿਚ ਤਣਾਅ ਦਾ ਮਾਹੌਲ ਪਸਰਿਆ ਹੋਇਆ ਹੈ।

ਉਥੇ ਹੀ ਅਲਗਾਵਵਾਦੀਆਂ ਵੱਲੋਂ ਕੁਲਗਾਮ ਵਿਚ 7 ਸਥਾਨਕ ਲੋਕਾਂ ਦੀ ਮੌਤ ਦੇ ਵਿਰੋਧ ਵਿਚ ਬੰਦ ਦਾ ਸੱਦਾ ਦਿਤਾ ਗਿਆ ਹੈ। ਦੱਸ ਦਈਏ ਕਿ ਐਤਵਾਰ ਨੂੰ ਕੁਲਗਾਮ ਜਿਲ੍ਹੇ ਦੇ ਲਾਰੂਨ ਪਿੰਡ ਵਿਚ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚ ਮੁਠਭੇੜ ਹੋਈ ਸੀ, ਜਿਸ ਵਿਚ ਫ਼ੌਜ ਨੇ ਕਾਰਵਾਈ ਕਰਦੇ ਹੋਏ 3 ਜੈਸ਼ ਅਤਿਵਾਦੀਆਂ ਨੰ ਮਾਰ ਦਿਤਾ ਸੀ। ਇਸ ਮੁਠਭੇੜ ਤੋਂ ਬਾਅਦ ਸਥਾਨਕ ਲੋਕ ਇਕ ਮਕਾਨ ਦੇ ਮਲਬੇ ਵਿਚ ਲਗੀ ਅੱਗ ਨੂੰ ਬੁਝਾ ਰਹੇ ਸਨ ਜਿਸ ਵਿਚ ਹੋਏ ਬਲਾਸਟ ਦੌਰਾਨ 7 ਸਥਾਨਕ ਨਾਗਰਿਕਾਂ ਦੀ ਮੌਤ ਹੋ ਗਈ।

ਪੁਲਿਸ ਨੇ ਇਸ ਸਬੰਧੀ ਬਿਆਨ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਮੁਠਭੇੜ ਤੋਂ ਬਾਅਦ ਇਨਕਾਉਂਟਰ ਵਾਲੀ ਥਾਂ ਤੇ ਜਾਣ ਤੋਂ ਰੋਕਿਆ ਗਿਆ ਸੀ, ਪਰ ਇਸ ਨੂੰ ਨਾ ਮੰਨਦੇ ਹੋਏ ਲੋਕ ਮੁਠਭੇੜ ਵਾਲੀ ਥਾਂ ਤੇ ਪਹੁੰਚੇ। ਇਸ ਦੌਰਾਨ ਮਲਬੇ ਵਿਚ ਦੱਬੇ ਇਕ ਵਿਸਫੋਟਕ ਵਿਚ ਬਲਾਸਟ ਹੋਇਆ ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ। ਇਨਾਂ ਵਿਚ 5 ਲੋਕ ਬਲਾਸਟ ਦੌਰਾਨ ਮੌਕੇ ਤੇ ਹੀ ਮਾਰੇ ਗਏ ਜਦਕਿ 2 ਦੀ ਸ਼੍ਰੀਨਗਰ ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਮੁਤਾਬਕ ਕੁਲਗਾਮ ਜਿਲੇ ਵਿਚ ਹੋਏ ਬਲਾਸਟ ਦੌਰਾਨ 40 ਤੋਂ ਵੱਧ ਲੋਕ ਜ਼ਖਮੀ ਵੀ ਹੋਏ,

ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਅਤੇ ਸ਼੍ਰੀਨਗਰ ਦੇ ਮਹਾਰਾਜਾ ਹਰਿ ਸਿੰਘ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਕੁਲਗਾਮ ਵਿਚ ਹੋਏ ਇਸ ਹਾਦਸੇ ਤੋਂ ਇਲਾਵਾ ਅਤਿਵਾਦੀਆਂ ਨੇ ਪੁਲਵਾਮਾ ਦੇ ਤਰਾਲ ਵਿਚ ਵੀ ਸੁਰੱਖਿਆ ਬਲਾਂ ਦੇ ਇਕ ਕੈਂਪ ਤੇ ਹਮਲਾ ਕੀਤਾ। ਜਿਥੇ ਸਨਾਈਪਰ ਰਾਈਫਲ ਨਾਲ ਹੋਏ ਹਮਲੇ ਵਿਚ ਇਕ ਐਸਐਸਬੀ ਜਵਾਨ ਸ਼ਹੀਦ ਹੋ ਗਿਆ।

ਇਸ ਦੇ ਨਾਲ ਹੀ ਰਾਜੌਰੀ ਜਿਲ੍ਹੇ ਵਿਚ ਪਾਕਿਸਤਾਨੀ ਅਤਿਵਾਦੀਆਂ ਦੀ ਇਕ ਘੁਸਪੈਠ ਨੂੰ ਨਾਕਾਮ ਕਰਦੇ ਹੋਏ ਫ਼ੌਜ ਦੇ 3 ਜਵਾਨ ਸ਼ਹੀਦ ਹੋ ਗਏ। ਇਸ ਕਾਰਵਾਈ ਦੌਰਾਨ ਫ਼ੌਜ ਦੇ ਜਵਾਨਾਂ ਨੇ 2 ਅਤਿਵਾਦੀਆਂ ਨੂੰ ਐਲਓਸੀ ਤੇ ਮਾਰ ਦਿਤਾ, ਜਿਸ ਤੋਂ ਬਾਅਦ ਨਿਯੰਤਰਣ ਰੇਖਾ ਅਤੇ ਸਰਹੱਦ ਤੇ ਬਹੁਤ ਦੇਰ ਤੱਕ ਤਣਾਅ ਦੀ ਹਾਲਤ ਬਣੀ ਰਹੀ।