ਕਸ਼ਮੀਰ ਵਿਚ 79ਵੇਂ ਦਿਨ ਵੀ ਜਨ-ਜੀਵਨ ਠੱਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਵਿਚ ਵਿਦਿਆਰਥੀ ਨਹੀਂ ਹਨ ਪ੍ਰੀਖਿਆ ਲਈ ਤਿਆਰ

Day 79 : Normal remains affected in Kashmir

ਨਵੀਂ ਦਿੱਲੀ : ਕਸ਼ਮੀਰ ਵਿਚ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਪਾਬੰਦੀਆਂ ਲਾਏ ਜਾਣ ਮਗਰੋਂ ਜਨਜੀਵਨ 79ਵੇਂ ਦਿਨ ਵੀ ਪ੍ਰਭਾਵਤ ਰਿਹਾ। ਉਂਜ, ਸ਼ਹਿਰ ਦੇ ਕੁੱਝ ਹਿੱਸਿਆਂ ਵਿਚ ਆਵਾਜਾਈ ਵਧ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਸਵੇਰੇ ਸਵੇਰੇ ਖੁਲ੍ਹਦੇ ਹਨ ਪਰ ਸਵੇਰੇ ਕਰੀਬ 11 ਵਜੇ ਅਪਣੇ ਸ਼ਟਰ ਸੁੱਟ ਦਿੰਦੇ ਹਨ। ਸ੍ਰੀਨਗਰ ਵਿਚ ਟੀਆਰਸੀ ਕਰਾਸਿੰਗ ਬਟਮਾਲੂ 'ਤੇ ਭਾਰੀ ਗਿਣਤੀ ਵਿਚ ਰੇਹੜੀ ਫੜ੍ਹੀ ਵਾਲਿਆਂ ਨੇ ਅਪਣਾ ਬਾਜ਼ਾਰ ਲਾਇਆ ਹੋਇਆ ਹੈ।  

ਅਧਿਕਾਰੀਆਂ ਨੇ ਦਸਿਆ ਕਿ ਨਿਜੀ ਵਾਹਨ ਸੜਕਾਂ 'ਤੇ ਚੱਲ ਰਹੇ ਹਨ ਅਤੇ ਮੰਗਲਵਾਰ ਨੂੰ ਨਿਜੀ ਦਿਨਾਂ ਦੇ ਮੁਕਾਬਲੇ ਜ਼ਿਆਦਾ ਵਾਹਨ ਸੜਕਾਂ 'ਤੇ ਵੇਖੇ ਗਏ ਜਿਸ ਕਾਰਨ ਸ਼ਹਿਰ ਵਿਚ ਕਈ ਥਾਵਾਂ 'ਤੇ ਆਵਾਜਾਈ ਪ੍ਰਭਾਵਤ ਰਹੀ। ਉਨ੍ਹਾਂ ਦਸਿਆ ਕਿ ਆਟੋ ਰਿਕਸ਼ਾ ਅਤੇ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਣ ਵਾਲੀਆਂ ਕੁੱਝ ਕੈਬਾਂ ਘਾਟੀ ਦੇ ਕੁੱਝ ਖੇਤਰਾਂ ਵਿਚ ਚੱਲ ਰਹੀਆਂ ਹਨ ਜਦਕਿ ਜਨਤਕ ਵਾਹਨ ਗ਼ਾਇਬ ਰਹੇ। ਅਧਿਕਾਰੀਆਂ ਨੇ ਦਸਿਆ ਕਿ ਘਾਟੀ ਵਿਚ ਇੰਟਰਨੈਟ ਸੇਵਾਵਾਂ ਹਾਲੇ ਵੀ ਬੰਦ ਹਨ। ਸਕੂਲ ਅਤੇ ਕਾਲਜ ਖੁਲ੍ਹੇ ਹਨ ਪਰ ਵਿਦਿਆਰਥੀ ਨਾਦਾਰਦ ਰਹੇ ਕਿਉਂਕਿ ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਸਕੂਲ ਨਹੀਂ ਭੇਜ ਰਹੇ। 

ਕਸ਼ਮੀਰ ਵਿਚ ਵਿਦਿਆਰਥੀ ਨਹੀਂ ਹਨ ਪ੍ਰੀਖਿਆ ਲਈ ਤਿਆਰ :
ਜੰਮੂ ਕਸ਼ਮੀਰ ਵਿਚ ਕੇਵਲ ਅੱਧਾ ਪਾਠਕ੍ਰਮ ਪੂਰਾ ਹੋਣ ਦੇ ਬਾਵਜੂਦ ਸੰਬੰਧਤ ਪ੍ਰਸ਼ਾਸਨ ਦੁਆਰਾ ਵੱਖ ਵੱਖ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਤੈਅ ਪ੍ਰੋਗਰਾਮ ਮੁਤਾਬਕ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਕਾਰਨ ਘਾਟੀ ਦੇ ਵਿਦਿਆਰਥੀ ਮੁਸ਼ਕਲ ਵਿਚ ਫਸ ਗਏ ਹਨ। ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਨੇ ਪਾਠਕ੍ਰਮ ਵਿਚ ਬਿਨਾਂ ਕੋਈ ਢਿੱਲ ਦਿਤਿਆਂ ਸਾਲਾਨਾ ਪ੍ਰੀਖਿਆਵਾਂ ਦਾ ਐਲਾਨ ਕਰ ਦਿਤਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜੇ ਪ੍ਰੀਖਿਆਵਾਂ ਪਾਠਕ੍ਰਮ ਵਿਚ ਬਿਨਾਂ ਕਿਸੇ ਕਟੌਤੀ ਹੁੰਦੀਆਂ ਹਨ ਤਾਂ ਵਿਦਿਆਰਥੀ ਸ਼ਾਇਦ ਚੰਗੇ ਅੰਕ ਨਹੀਂ ਲੈ ਸਕਣਗੇ ਪਰ ਜੇ ਸਾਲਾਨਾ ਪ੍ਰੀਖਿਆਵਾਂ ਨਹੀਂ ਹੁੰਦੀਆਂ ਤਾਂ ਉਨ੍ਹਾਂ ਨੂੰ ਕੀਮਤੀ ਵਰ੍ਹਾ ਗਵਾਉਣਾ ਪਵੇਗਾ।