ਨੋਬਲ ਜੇਤੂ ਅਭਿਜੀਤ ਬਨਰਜ਼ੀ ਨੇ ਮੋਦੀ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਮੁੱਦਿਆਂ 'ਤੇ ਕੀਤੀ ਗੱਲਬਾਤ

Excellent meeting with Nobel Laureate Abhijit Banerjee : PM Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨੋਬਲ ਐਵਾਰਡ ਜੇਤੂ ਅਭਿਜੀਤ ਬਨਰਜ਼ੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੀ ਜਾਣਕਾਰੀ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਦਿੱਤੀ। ਉਨ੍ਹਾਂ ਲਿਖਿਆ, "ਅਭਿਜੀਤ ਬਨਰਜ਼ੀ ਨਾਲ ਵਧੀਆ ਬੈਠਕ ਹੋਈ। ਮਨੁੱਖੀ ਸਸ਼ਕਤੀਕਰਨ ਪ੍ਰਤੀ ਉਨ੍ਹਾਂ ਦਾ ਜਜ਼ਬਾ ਸਾਫ਼ ਵਿਖਾਈ ਦਿੰਦਾ ਹੈ। ਅਸੀ ਕਈ ਮੁੱਦਿਆਂ 'ਤੇ ਸਿਹਤਮੰਦ ਅਤੇ ਚੰਗੀ ਗੱਲਬਾਤ ਕੀਤੀ। ਭਾਰਤ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ 'ਤੇ ਮਾਣ ਹੈ। ਉਨ੍ਹਾਂ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ।"

ਪ੍ਰਧਾਨ ਮੰਤਰੀ ਨਾਲ ਬੈਠਕ ਨੂੰ ਬਨਰਜ਼ੀ ਨੇ ਸ਼ਾਨਦਾਰ ਅਨੁਭਵ ਦੱਸਿਆ ਅਤੇ ਸਮਾਂ ਦੇਣ ਲਈ ਧਨਵਾਦ ਕੀਤਾ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨੇ ਭਾਰਤ ਬਾਰੇ ਸੋਚਣ ਦੇ ਆਪਣੇ ਤਰੀਕੇ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੋ ਕਾਫ਼ੀ ਅਨੋਖੀ ਸੀ। ਉਨ੍ਹਾਂ ਨੇ ਉਸ ਤਰੀਕੇ ਬਾਰੇ ਗੱਲ ਕੀਤੀ, ਜਿਸ 'ਚ ਉਹ ਸ਼ਾਸਨ ਨੂੰ ਵਿਸ਼ੇਸ਼ ਰੂਪ ਨਾਲ ਵੇਖਦੇ ਹਨ ਅਤੇ ਕਦੇ-ਕਦੇ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਬੇਭਰੋਸਗੀ ਸ਼ਾਸਨ ਨੂੰ ਬੇਰੰਗ ਕਰ ਦਿੰਦੀ ਹੈ। ਸਰਕਾਰ ਕਿਵੇਂ ਨੌਕਰਸ਼ਾਹੀ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦੇ ਲਈ ਲੋਕਾਂ ਦੇ ਵਿਚਾਰਾਂ ਨੂੰ ਧਿਆਨ 'ਚ ਰਖਿਆ ਜਾਵੇਗਾ।"

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਨਰਜ਼ੀ ਨੇ ਕਿਹਾ, "ਪੀ.ਐਮ. ਮੋਦੀ ਨੇ ਇਸ ਮਜ਼ਾਕ ਨਾਲ ਆਪਣੀ ਗੱਲ ਸ਼ੁਰੂ ਕੀਤੀ ਕਿ ਮੀਡੀਆ ਹੁਣ ਮੈਨੂੰ ਐਂਟੀ ਮੋਦੀ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕਰੇਗਾ। ਉਹ ਟੀ.ਵੀ. ਵੇਖ ਰਹੇ ਹਨ। ਉਹ ਤੁਹਾਨੂੰ ਵੇਖ ਰਹੇ ਹਨ, ਉਹ ਵੇਖ ਰਹੇ ਹਨ ਕਿ ਤੁਸੀ ਕੀ ਕਰ ਰਹੇ ਹੋ।"

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਭਿਜੀਤ ਬਨਰਜ਼ੀ, ਉਨ੍ਹਾਂ ਦੀ ਪਤਨੀ ਐਸਥਰ ਡੁਫਲੋ ਅਤੇ ਉਨ੍ਹਾਂ ਦੇ ਸਾਥੀ ਮਿਖਾਈਲ ਕ੍ਰੇਮਰ ਨੂੰ ਸੰਯੁਕਤ ਤੌਰ 'ਤੇ ਅਰਥ ਸ਼ਾਸਤਰ ਦਾ ਨੋਬਲ ਐਵਾਰਡ ਮਿਲਿਆ ਸੀ। ਅਭਿਜੀਤ ਦਾ ਜਨਮ ਕੋਲਕਾਤਾ 'ਚ 21 ਫ਼ਰਵਰੀ 1961 ਨੂੰ ਹੋਇਆ ਸੀ। ਉਨ੍ਹਾਂ ਨੇ ਕੋਲਕਾਤਾ ਯੂਨੀਵਰਸਿਟੀ ਅਤੇ ਜਵਾਹਲਾਲ ਨਹਿਰੂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਸਾਲ 1981 ਵਿਚ ਕਲਕੱਤਾ ਯੂਨੀਵਰਸਿਟੀ ਤੋਂ ਗ੍ਰੈਜ਼ੂਏਸ਼ਨ ਕੀਤੀ। ਉਨ੍ਹਾਂ ਨੇ ਦਿੱਲੀ ਦੀ ਜਵਾਹਲਾਲ ਨਹਿਰੂ ਯੂਨੀਵਰਸਿਟੀ ਤੋਂ ਅਰਥਸ਼ਾਸਤਰ 'ਚ ਐਮ. ਏ. ਕੀਤੀ।

ਇਸ ਤੋਂ ਬਾਅਦ ਪੜ੍ਹਾਈ ਲਈ ਅਮਰੀਕਾ ਚਲੇ ਗਏ। ਸਾਲ 1988 ਵਿਚ ਹਾਰਵਰਡ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪੀ.ਐਚ.ਡੀ. ਕੀਤੀ। ਅਭਿਜੀਤ ਨੇ ਅਰਥਸ਼ਾਸਤਰੀ ਅਸਥਰ ਡੁਫਲੋ ਨਾਲ ਵਿਆਹ ਕੀਤਾ। ਦੋਹਾਂ 'ਚ ਪ੍ਰੇਮ ਵਿਆਹ ਹੋਇਆ ਅਤੇ 2015 'ਚ ਦੋਹਾਂ ਨੇ ਵਿਆਹ ਕਰਵਾ ਲਿਆ। ਅਭਿਜੀਤ ਨਾਲ ਅਸਥਰ ਡੁਫਲੋ ਨੂੰ ਵੀ ਇਸ ਵਾਰ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਅਸਥਰ ਡੁਫਲੋ ਅਰਥਸ਼ਾਸਤ ਦਾ ਨੋਬਲ ਪੁਰਸਕਾਰ ਜਿੱਤਣ ਵਾਲੀ ਦੂਜੀ ਮਹਿਲਾ ਹੈ।