ਇਥੋਪੀਆ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ ਸ਼ਾਂਤੀ ਦਾ ਨੋਬਲ ਐਵਾਰਡ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਹਿਮਦ ਅਲੀ ਨੂੰ ਸ਼ਾਂਤੀ ਅਤੇ ਕੌਮਾਂਤਰੀ ਸਹਿਯੋਗ ਲਈ ਕੀਤੀਆਂ ਕੋਸ਼ਿਸ਼ਾਂ ਬਦਲੇ ਨੋਬਲ ਨਾਲ ਸਨਮਾਨਤ ਕੀਤਾ।

Nobel Peace Prize Awarded Ethiopian Prime Minister Abiy Ahmed Ali

ਓਸਲੋ (ਨਾਰਵੇ) : ਸਾਲ 2019 ਦਾ ਸ਼ਾਂਤੀ ਨੋਬਲ ਐਵਾਰਡ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਦਿੱਤਾ ਗਿਆ। ਅਹਿਮਦ ਅਲੀ ਨੇ ਗੁਆਂਢੀ ਦੇਸ਼ ਇਰੀਟ੍ਰਿਆ ਨਾਲ ਸਰਹੱਦ ਵਿਵਾਦ ਸੁਲਝਾਉਣ ਲਈ ਅਹਿਮ ਕਦਮ ਚੁੱਕੇ ਸਨ। ਨਾਰਵੇਜ਼ੀਅਨ ਨੋਬਲ ਕਮੇਟੀ ਨੇ ਇਨ੍ਹਾਂ ਕੋਸ਼ਿਸ਼ਾਂ ਲਈ ਅਹਿਮਦ ਅਲੀ ਨੂੰ ਨੋਬਲ ਐਵਾਰਡ ਦਿੱਤਾ।

ਨਾਰਵੇਜ਼ੀਅਨ ਨੋਬਲ ਕਮੇਟੀ ਨੇ ਅਹਿਮਦ ਅਲੀ ਨੂੰ ਸ਼ਾਂਤੀ ਅਤੇ ਕੌਮਾਂਤਰੀ ਸਹਿਯੋਗ ਲਈ ਕੀਤੀਆਂ ਕੋਸ਼ਿਸ਼ਾਂ ਬਦਲੇ ਨੋਬਲ ਨਾਲ ਸਨਮਾਨਤ ਕੀਤਾ। ਅਹਿਮਦ ਅਲੀ ਨੂੰ ਮਿਲੇ ਇਸ ਸਨਮਾਨ ਨਾਲ ਇਥੋਪੀਆ ਅਤੇ ਪੂਰਬ ਤੇ ਉੱਤਰ-ਪੂਰਬ ਅਫ਼ਰੀਕੀ ਖੇਤਰ 'ਚ ਸ਼ਾਂਤੀ ਲਈ ਕੋਸ਼ਿਸ਼ ਕਰ ਰਹੇ ਸਾਰੇ ਲੋਕਾਂ ਨੂੰ ਵੀ ਪਛਾਣ ਮਿਲੀ ਹੈ। ਅਹਿਮਦ ਅਲੀ ਨੂੰ ਇਥੋਪੀਆ ਦਾ ਨੇਲਸਨ ਮੰਡੇਲਾ ਵੀ ਕਿਹਾ ਜਾਂਦਾ ਹੈ।

43 ਸਾਲਾ ਅਹਿਮਦ ਅਲੀ ਸਾਲ 2018 'ਚ ਇਥੋਪੀਆ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਨੇ ਉਸੇ ਸਮੇਂ ਸਪਸ਼ਟ ਕਹਿ ਦਿੱਤਾ ਸੀ ਕਿ ਉਹ ਇਰੀਟ੍ਰਿਆ ਨਾਲ ਸ਼ਾਂਤੀ ਗੱਲਬਾਤ ਨੂੰ ਬਹਾਰ ਕਰਨਗੇ। ਉਨ੍ਹਾਂ ਨੇ ਇਰੀਟ੍ਰਿਆ ਦੇ ਰਾਸ਼ਟਰਪਤੀ ਇਸੈਯਸ ਅਫ਼ਵਰਕੀ ਨਾਲ ਮਿਲ ਕੇ ਇਸ ਦਿਸ਼ਾ 'ਚ ਪਹਿਲ ਸ਼ੁਰੂ ਕੀਤੀ ਸੀ। ਪਿਛਲੇ ਸਾਲ ਹੀ ਇਥੋਪੀਆ ਅਤੇ ਇਰੀਟ੍ਰਿਆ ਨੇ ਸਰਹੱਦ ਵਿਵਾਦ ਨੂੰ ਹੱਲ ਕਰਨ ਲਈ ਸ਼ਾਂਤੀ ਸਮਝੌਤਾ ਕੀਤਾ। ਇਸ ਤਰ੍ਹਾਂ 20 ਸਾਲਾਂ ਤੋਂ ਦੋਹਾਂ ਦੇਸ਼ਾਂ ਵਿਚਕਾਰ ਚੱਲ ਰਿਹਾ ਵਿਵਾਦ ਖ਼ਤਮ ਹੋਇਆ ਸੀ।  

ਕੀ ਸੀ ਵਿਵਾਦ :
ਇਰੀਟ੍ਰਿਆ ਕਿਸੇ ਸਮੇਂ ਇਥੋਪੀਆ ਦਾ ਹੀ ਇਕ ਸੂਬਾ ਸੀ ਅਤੇ ਦਹਾਕਿਆਂ ਦੇ ਖ਼ੂਨੀ ਸੰਘਰਸ਼ ਤੋਂ ਬਾਅਦ ਅਪ੍ਰੈਲ 1993 'ਚ ਇਰੀਟ੍ਰਿਆ ਦੇ ਲੋਕਾਂ ਨੇ ਇਥੋਪੀਆ ਤੋਂ ਵੱਖ ਹੋਣ ਦੇ ਫ਼ੈਸਲੇ ਤਹਿਤ ਵੋਟਿੰਗ ਕੀਤੀ ਸੀ ਅਤੇ ਇਰੀਟ੍ਰਿਆ ਵੱਖਰਾ ਦੇਸ਼ ਬਣ ਗਿਆ ਸੀ। 5 ਸਾਲ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਸਰਹੱਦੀ ਸ਼ਹਿਰ ਬਾਦਮੇ 'ਤੇ ਕਬਜ਼ੇ ਲਈ ਜੰਗ ਛਿੜ ਗਈ ਸੀ। ਇਸ ਸ਼ਹਿਰ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਸੀ ਪਰ ਦੋਵੇਂ ਦੇਸ਼ ਇਸ 'ਤੇ ਕਬਜ਼ਾ ਚਾਹੁੰਦੇ ਸਨ। ਸਾਲ 1998 ਤੋਂ 2000 ਵਿਚਕਾਰ ਦੋਹਾਂ ਦੇਸ਼ਾਂ ਵਿਚਾਲੇ ਚੱਲੀ ਸਹਰੱਦੀ ਜੰਗ 'ਚ ਲਗਭਗ 80 ਹਜ਼ਾਰ ਲੋਕ ਮਾਰੇ ਗਏ ਸਨ।

ਸ਼ਾਂਤੀ ਨੋਬਲ ਨਾਲ ਜੁੜੀਆਂ ਅਹਿਮ ਗੱਲਾਂ :
ਸਾਲ 1901 ਤੋਂ 2018 ਤਕ ਕੁਲ 99 ਸ਼ਾਂਤੀ ਦੇ ਨੋਬਲ ਐਵਾਰਡ ਦਿੱਤੇ ਗਏ। ਇਹ 133 ਲੋਕਾਂ/ਸੰਸਥਾਵਾਂ ਨੂੰ ਦਿੱਤੇ ਗਏ। ਸ਼ਾਂਤੀ ਦੇ ਨੋਬਲ ਐਵਾਰਡ ਨਾਲ ਕੁਲ 17 ਔਰਤਾਂ ਨੂੰ ਸਨਮਾਨਤ ਕੀਤਾ ਗਿਆ। 89 ਮਰਦਾਂ ਨੂੰ ਇਹ ਐਵਾਰਡ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ 27 ਸੰਗਠਨਾਂ ਨੂੰ ਸ਼ਾਂਤੀ ਦਾ ਨੋਬਲ ਦਿੱਤਾ ਗਿਆ। ਪਾਕਿਸਤਾਨ ਦੀ ਮਲਾਲਾ ਯੁਸੁਫਜ਼ਈ (17) ਸੱਭ ਤੋਂ ਘੱਟ ਉਮਰ ਦੀ ਜੇਤੂ ਹੈ। ਸੱਭ ਤੋਂ ਵੱਧ ਉਮਰ ਦੀ ਜੇਤੂ ਬ੍ਰਿਟੇਨ ਦੇ ਜੋਸਫ਼ ਰੋਟਬਾਲਟ (87) ਹਨ।