ਕਰਤਾਰਪੁਰ ਸਾਹਿਬ ਦਰਸ਼ਨ ਲਈ ਭਾਰਤੀ ਸ਼ਰਧਾਲੂਆਂ ਨੂੰ ਦੇਣੇ ਪੈਣਗੇ 20 ਡਾਲਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਹਰ ਸਾਲ ਕਮਾਏਗਾ 258 ਕਰੋੜ ਰੁਪਏ

Indian pilgrims have to pay $ 20 for Kartarpur Sahib visit

ਨਵੀਂ ਦਿੱਲੀ : ਕਰਤਾਰਪੁਰ ਸਾਹਿਬ ਦਰਸ਼ਨ ਲਈ ਰਜਿਸਟ੍ਰੇਸ਼ਨ 'ਤੇ ਲੱਗਣ ਵਾਲੀ 20 ਡਾਲਰ ਪ੍ਰਤੀ ਸ਼ਰਧਾਲੂ ਦੀ ਫੀਸ ਦੇਣ ਲਈ ਭਾਰਤ ਸਹਿਮਤ ਹੋ ਗਿਆ ਹੈ। ਭਾਰਤ ਨੇ ਸ਼ਰਧਾਲੂਆਂ ਦੇ ਕਰਤਾਰਪੁਰ ਸਾਹਿਬ ਦਰਸ਼ਨ ਲਈ ਉਤਸਾਹ ਨੂੰ ਵੇਖ ਕੇ ਪਾਕਿਸਤਾਨ ਦੀ 20 ਡਾਲਰ ਫ਼ੀਸ ਦੀ ਅੜਿਅਲ ਜਿੱਦ ਨੂੰ ਮੰਨ ਲਿਆ ਹੈ। ਇਹ ਫ਼ੀਸ ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ ਦੌਰਾਨ ਹੀ ਭਰਨੀ ਪਵੇਗੀ। 

ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਸਮਝੌਤੇ 'ਤੇ ਹੁਣ 23 ਅਕਤੂਬਰ ਦੀ ਬਜਾਏ 24 ਅਕਤੂਬਰ ਨੂੰ ਹਸਤਾਖ਼ਰ ਹੋਣਗੇ। ਭਾਰਤ ਨੇ ਪਹਿਲਾਂ ਇਸ ਸਮਝੌਤੇ 'ਚ 20 ਡਾਲਰ ਵਾਲੀ ਸ਼ਰਤ ਦੇ ਚਲਦਿਆਂ ਇਸ ਦੇ ਫਾਈਨਲ ਡਰਾਫ਼ਟ ਨੂੰ ਨਾਮੰਜੂਰ ਕਰ ਦਿੱਤਾ ਸੀ। ਆਖ਼ਰ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਭਾਰਤ ਨੇ ਪਾਕਿਸਤਾਨ ਦੀ ਸ਼ਰਤ ਮੰਨ ਲਈ ਹੈ।

ਪਾਕਿਸਤਾਨ ਇਸ ਸਮੇਂ ਆਰਥਕ ਤੰਗੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਅਜਿਹੇ 'ਚ ਉਹ ਪੈਸਾ ਕਮਾਉਣ ਦੇ ਜੁਗਾੜ 'ਚ ਲੱਗਿਆ ਹੋਇਆ ਹੈ। ਪ੍ਰਤੀ ਸ਼ਰਧਾਲੂ 20 ਡਾਲਰ ਫੀਸ ਨੂੰ ਭਾਰਤੀ ਰੁਪਏ 'ਤੇ ਬਦਲਿਆ ਜਾਵੇ ਤਾਂ ਇਹ 1420 ਰੁਪਏ ਹੁੰਦੇ ਹਨ। ਪਾਕਿਸਤਾਨ ਨੂੰ ਹਰ ਸਾਲ 258 ਕਰੋੜ ਭਾਰਤੀ ਰੁਪਏ (571 ਕਰੋੜ ਪਾਕਿਸਤਾਨੀ ਰੁਪਏ) ਕਮਾਉਣ ਦੀ ਉਮੀਦ ਹੈ।

ਉਧਰ ਕਾਂਗਰਸ ਦੀ ਸੀਨੀਅਰ ਆਗੂ ਮਨੀਸ਼ ਤਿਵਾਰੀ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਹਰੇਕ ਸ਼ਰਧਾਲੂ ਤੋਂ ਪਾਕਿਸਤਾਨ ਵਲੋਂ 20 ਡਾਲਰ ਦੇ ਸੇਵਾ ਟੈਕਸ ਨੂੰ 'ਜਜੀਆ ਟੈਕਸ' ਕਰਾਰ ਦਿੰਦਿਆਂ ਕਿਹਾ ਕਿ ਇਸ ਪੈਸੇ ਦਾ ਭੁਗਤਾਨ ਮੋਦੀ ਸਰਕਾਰ ਨੂੰ ਖੁਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਲਈ ਪੈਸੇ ਦਾ ਭੁਗਤਾਨ ਕਰਨਾ 'ਖੁਲੇ ਦਰਸ਼ਨ' ਦੀ ਭਾਵਨਾ ਦੇ ਵਿਰੁਧ ਹੈ।